ਨਿਊਯਾਰਕ: ਗੰਭੀਰ ਬਿਮਾਰੀ ਤੋਂ ਪੀੜਤ ਲੋਕਾਂ ਲਈ ਸਵੈ-ਇੱਛੁਕ ਮੌਤ ਬਿੱਲ ਪਾਸ

ਨਿਊਯਾਰਕ: ਗੰਭੀਰ ਬਿਮਾਰੀ ਤੋਂ ਪੀੜਤ ਲੋਕਾਂ ਲਈ ਸਵੈ-ਇੱਛੁਕ ਮੌਤ ਬਿੱਲ ਪਾਸ

ਨਿਊਯਾਰਕ, 11 ਜੂਨ : ਨਿਊਯਾਰਕ ਵਿਧਾਨ ਸਭਾ ਨੇ ਗੰਭੀਰ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਦਵਾਈ ਰਾਹੀਂ ਆਪਣੀ ਜ਼ਿੰਦਗੀ ਖਤਮ ਕਰਨ ਦਾ ਕਾਨੂੰਨੀ ਅਧਿਕਾਰ ਦਿੰਦਾ ਕਾਨੂੰਨ ਪਾਸ ਕਰ ਦਿੱਤਾ ਹੈ। ਇਸ ਬਿੱਲ ਨੂੰ ਹੁਣ ਗਵਰਨਰ ਕੋਲ ਭੇਜਿਆ ਗਿਆ ਹੈ। ਬਿੱਲ ਵਿੱਚ ਕਿਹਾ ਗਿਆ ਹੈ ਕਿ ਲਾਇਲਾਜ ਬਿਮਾਰੀ ਨਾਲ ਜੂਝ ਰਿਹਾ ਕੋਈ ਵਿਅਕਤੀ ਜੇ ਕਿਸੇ ਡਾਕਟਰ ਨੂੰ ਅਪੀਲ ਕਰੇ ਅਤੇ ਦੋ ਡਾਕਟਰ ਉਸ ਨੂੰ ਇਸ ਦੀ ਇਜਾਜ਼ਤ ਦੇਣ ਤਾਂ ਉਸ ਨੂੰ ਜੀਵਨ ਸਮਾਪਤੀ ਵਾਲੀਆਂ ਦਵਾਈਆਂ ਲੈਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈੈ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਦੇ ਬੁਲਾਰੇ ਨੇ ਕਿਹਾ ਕਿ ਗਵਰਨਰ ਇਸ ਬਿੱਲ ਦੀ ਸਮੀਖਿਆ ਕਰੇਗੀ। ਨਿਊਯਾਰਕ ਵਿਧਾਨ ਸਭਾ ਵਿੱਚ ਇਸ ਬਿੱਲ ’ਤੇ ਕਈ ਘੰਟੇ ਬਹਿਸ ਚੱਲੀ। ਇਸ ਮਗਰੋਂ ਸੋਮਵਾਰ ਰਾਤ ਨੂੰ ਇਸ ਬਿੱਲ ਨੂੰ ਅੰਤਿਮ ਮਨਜ਼ੂਰੀ ਦੇ ਦਿੱਤੀ ਗਈ। ਬਿੱਲ ’ਤੇ ਬਹਿਸ ਦੌਰਾਨ ਇਸ ਦੇ ਸਮਰਥਕਾਂ ਦਾ ਤਰਕ ਸੀ ਕਿ ਇਸ ਨਾਲ ਗੰਭੀਰ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਆਪਣੀਆਂ ਸ਼ਰਤਾਂ ’ਤੇ ਜੀਵਨ ਸਮਾਪਤੀ ਦੀ ਇਜਾਜ਼ਤ ਮਿਲੇਗੀ। ਬਿੱਲ ਨੂੰ ਪੇਸ਼ ਕਰਨ ਵਾਲੇ ਸੈਨੇਟਰ ਬਰੈਡ ਹੋਯਲਮੈਨ-ਸੀਗਲ ਨੇ ਕਿਹਾ, ‘‘ਇਸ ਦਾ ਉਦੇਸ਼ ਮੌਤ ਨੂੰ ਨੇੜੇ ਲਿਆਉਣਾ ਨਹੀਂ, ਸਗੋਂ ਪੀੜਾ ਨੂੰ ਖ਼ਤਮ ਕਰਨਾ ਹੈ।’’ ਇੱਕ ਸੈਨੇਟਰ ਨੇ ਮੈਡੀਕਲ ਦੇਖਭਾਲ ਵਿੱਚ ਸੁਧਾਰ ਅਤੇ ਕੁੱਝ ਨੇ ਧਾਰਮਿਕ ਆਧਾਰ ’ਤੇ ਇਸ ਬਾਰੇ ਇਤਰਾਜ਼ ਜਤਾਇਆ।

You must be logged in to post a comment Login