ਨਿਊਜ਼ ਚੈਨਲ ਪਰੋਸ ਰਹੇ ਹਨ ਮਨੋਰੰਜਨ

ਪ੍ਰੋ. ਕੁਲਬੀਰ ਸਿੰਘ
Mob. : 9417153513

ਭਾਰਤ ਵਿਚ ਤੁਸੀਂ ਕਿਤੇ ਵੀ ਜਾਓਗੇ ਟੈਲੀਵਿਜ਼ਨ ʼਤੇ ਭਾਰਤੀ ਨਿਊਜ਼ ਚੈਨਲ ਚੱਲਦੇ ਨਜ਼ਰ ਆਉਣਗੇ ਕਿਉਂਕਿ ਇਨ੍ਹਾਂ ਨੇ ਮਨੋਰੰਜਨ ਦੀ ਜ਼ਿੰਮੇਵਾਰੀ ਵੀ ਸੰਭਾਲ ਲਈ ਹੈ।ਹਰ ਰੋਜ਼, ਹਰ ਹਫ਼ਤੇ, ਹਰ ਮਹੀਨੇ ਕੋਈ ਨਾ ਕੋਈ ਅਜਿਹੀ ਸਟੋਰੀ ਇਨ੍ਹਾਂ ਨੂੰ ਮਿਲ ਜਾਂਦੀ ਹੈ ਜਿਸ ਰਾਹੀਂ ਦਰਸ਼ਕਾਂ ਦਾ ਚੋਖਾ ਮਨੋਰੰਜਨ ਹੋ ਜਾਂਦਾ ਹੈ। ਖ਼ਬਰ ਭਾਵੇਂ ਬੇਹੱਦ ਦੁਖਾਂਤਕ ਹੋਵੇ ਉਹਦੇ ਵਿਚੋਂ ਵੀ ਮਨੋਰੰਜਨ ਪੈਦਾ ਕਰ ਲੈਣਾ ਇਨ੍ਹਾਂ ਦੇ ਖੱਬੇ ਹੱਥ ਦੀ ਖੇਡ ਹੈ।ਰੋਜ਼ਾਨਾ ਅਜੀਤ ਵਿਚ ਬੀਤੇ ਦਿਨੀਂ ਇਕ ਕਾਰਟੂਨ ਛਪਿਆ ਸੀ। ਸਾਰਾ ਪਰਿਵਾਰ ਬੈਠ ਕੇ ਬੜੀ ਉਤਸੁਕਤਾ ਨਾਲ ਟੀ.ਵੀ. ਵੇਖ ਰਿਹਾ ਹੈ। ਇਕ ਔਰਤ ਕਹਿ ਰਹੀ ਹੈ, “ਮਹਾਂਰਾਸ਼ਟਰ ਦੀਆਂ ਸਿਆਸੀ ਖ਼ਬਰਾਂ ਸੀਰੀਅਲਾਂ ਨਾਲੋਂ ਵੀ ਦਿਲਚਸਪ ਤੇ ਰੁਮਾਂਚਕ ਹਨ।”ਅੱਜ ਨਿਊਜ਼ ਚੈਨਲਾਂ ਅਤੇ ਮਨੋਰੰਜਨ ਚੈਨਲਾਂ ਵਿਚਾਲੇ ਅੰਤਰ ਕਰਨਾ ਮੁਸ਼ਕਲ ਹੋ ਗਿਆ ਹੈ। ਨਿਊਜ਼ ਚੈਨਲਾਂ ਲਈ ਹੁਣ ਕਿਸੇ ਨਵੇਂ ਨਾਂ, ਨਵੀਂ ਸ਼੍ਰੇਣੀ ਦੀ ਲੋੜ ਮਹਿਸੂਸ ਹੋਣ ਲੱਗੀ ਹੈ। ਇਹੀ ਨਹੀਂ ਨਵੀਂ ਪਰਿਭਾਸ਼ਾ ਵੀ ਘੜ ਲੈਣੀ ਚਾਹੀਦੀ ਹੈ।ਨਵੀਂ ਪਰਿਭਾਸ਼ਾ ਘੜ ਵੀ ਲਈ ਗਈ ਹੈ। ਨਿਊਜ਼ ਚੈਨਲ ਆਰੰਭ ਕਰਨ ਲਈ ਸਰਕਾਰ ਤੋਂ, ਵੱਖ-ਵੱਖ ਮਹਿਕਮਿਆਂ ਤੋਂ ਮਨਜੂਰੀ ਲੈਣੀ ਪੈਂਦੀ ਹੈ। ਮਨਜ਼ੂਰੀ ਦੀ ਪ੍ਰਕਿਰਿਆ ਨੂੰ ਸੌਖਾ ਕਰਨ ਲਈ ਅਜਿਹਾ ਕੀਤਾ ਜਾਣ ਲੱਗਾ ਹੈ।ਭਾਰਤੀ ਨਿਊਜ਼ ਚੈਨਲ ਆਪਣੇ ਪ੍ਰੋਗਰਾਮਾਂ ਦੀ ਰੂਪ-ਰੇਖਾ ਬੜੀ ਚੁਸਤੀ ਚਲਾਕੀ ਨਾਲ ਤਿਆਰ ਕਰਦੇ ਹਨ। ਇਕ ਤਾਂ ਉਹ ਖ਼ਬਰਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ ਅਰਥਾਤ ਖ਼ਬਰਾਂ ਨੂੰ ਦਿਲਚਸਪ, ਆਕਰਸ਼ਕ, ਸਨਸਨੀਖੇਜ਼ ਅਤੇ ਨਾਟਕੀ ਢੰਗ ਨਾਲ ਪੇਸ਼ ਕਰਦੇ ਹਨ। ਦੂਸਰਾ ਸਿੱਧੇ ਤੌਰ ʼਤੇ ਮਨੋਰੰਜਨ ਜਗਤ ਦੀਆਂ ਖਬਰਾਂ ਪਰੋਸਦੇ ਹਨ। ਦਰਸ਼ਕਾਂ ਦੇ ਇਕ ਵਰਗ-ਵਿਸ਼ੇਸ਼ ਦੀ ਅਜਿਹੀਆਂ ਖ਼ਬਰਾਂ ਵਿਚ ਰੁਚੀ ਵਧ ਰਹੀ ਹੈ।

            ਇਕ ਸਰਵੇ ਅਨੁਸਾਰ ਮਨੋਰੰਜਨ ਨਾਲ ਸਬੰਧਤ ਖ਼ਬਰਾਂ ਦੀ ਫ਼ੀਸਦੀ ਪਿਛਲੇ ਸਾਲਾਂ ਦੌਰਾਨ ਲਗਾਤਾਰ ਵਧੀ ਹੈ। ਕਈ ਨਿਊਜ਼ ਚੈਨਲ ਤਾਂ ਸੀਰੀਅਲਾਂ ਦੇ ਨਾਂ ʼਤੇ ਹੀ ਪ੍ਰੋਗਰਾਮ ਪੇਸ਼ ਕਰਨ ਤੱਕ ਚਲੇ ਗਏ ਹਨ। ਫ਼ਿਲਮ ਸਮੱਗਰੀ ਨੂੰ ਨਿਊਜ਼ ਚੈਨਲ ਆਪਣੇ-ਆਪਣੇ ਢੰਗ ਨਾਲ ਪ੍ਰਸਾਰਿਤ ਕਰ ਰਹੇ ਹਨ।ਇਉਂ ਲੱਗਦਾ ਹੈ ਜਿਵੇਂ ਖ਼ਬਰ ਦੀ ਪਰਿਭਾਸ਼ਾ ਅਤੇ ਖ਼ਬਰ ਪ੍ਰਤੀ ਸਾਡਾ ਨਜ਼ਰੀਆ ਹੀ ਬਦਲ ਗਿਆ ਹੈ।ਇਕ ਹੋਰ ਸਰਵੇ ਵਿਚ 73.9 ਫ਼ੀਸਦੀ ਭਾਰਤੀਆਂ ਨੇ ਕਿਹਾ ਕਿ ਭਾਰਤੀ ਨਿਊਜ਼ ਚੈਨਲ ਖ਼ਬਰਾਂ ਨਾਲੋਂ ਵੱਧ ਮਨੋਰੰਜਨ ਦਾ ਸਰੋਤ ਬਣ ਗਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਵੇ ਦੌਰਾਨ ਹਰੇਕ ਵਰਗ ਦੇ ਦਰਸ਼ਕਾਂ ਦੁਆਰਾ ਕੀਤਾ ਗਿਆ।ਮੀਡੀਆ ਅਤੇ ਮਨੋਰੰਜਨ ਦਾ ਹਮੇਸ਼ਾ ਨੇੜਲਾ ਰਿਸ਼ਤਾ ਰਿਹਾ ਹੈ ਪਰੰਤੂ ਸਮਾਂ ਪਾ ਕੇ ਨਿਊਜ਼ ਚੈਨਲ ਅੱਧੇ ਮਨੋਰੰਜਨ ਚੈਨਲ ਬਣ ਜਾਣਗੇ ਕਦੇ ਕਿਸੇ ਨੇ ਨਹੀਂ ਸੋਚਿਆ ਸੀ।ਭਾਰਤ ਦੁਨੀਆਂ ਦਾ ਪੰਜਵਾਂ ਸਭ ਤੋਂ ਵੱਡਾ ਮੀਡੀਆ ਤੇ ਮਨੋਰੰਜਨ ਬਜ਼ਾਰ ਹੈ। ਅਜਿਹੇ ਮਾਹੌਲ ਵਿਚ ਨਿਊਜ਼ ਚੈਨਲਾਂ ਦਾ ਮਨੋਰੰਜਨ ਖੇਤਰ ਵੱਲ ਖਿਸਕਦੇ ਜਾਣਾ ਅਚੰਭੇ ਭਰਿਆ ਵੀ ਹੈ ਅਤੇ ਚੁਣੌਤੀ ਭਰਿਆ ਵੀ। ਨਿਊਜ਼ ਚੈਨਲਾਂ ਦੇ ਇਸ ਸੰਕਟ ਸਬੰਧੀ ਸੋਚਦਿਆਂ ਸਭ ਤੋਂ ਵੱਡਾ ਸਵਾਲ ਮਨ ਵਿਚ ਇਹੀ ਉਭਰਦਾ ਹੈ ਕਿ ਉਹ ਚੀਜ਼ ਕਿੱਥੇ ਹੈ, ਜਿਸਨੂੰ ਕਦੇ ਪੱਤਰਕਾਰੀ ਕਿਹਾ ਜਾਂਦਾ ਸੀ। ਬਾਕੀ ਨਫ਼ੇ-ਨੁਕਸਾਨ ਲਾਂਭੇ ਵੀ ਧਰ ਦਈਏ ਤਾਂ ਸਭ ਤੋਂ ਵੱਡਾ ਨੁਕਸਾਨ ਉਸ ਪੱਤਰਕਾਰੀ ਦਾ ਹੋ ਰਿਹਾ ਹੈ।

            ਭਾਰਤੀ ਨਿਊਜ਼ ਚੈਨਲਾਂ ਨੂੰ ਜਦ ਪਤਾ ਲੱਗਾ ਕਿ ਮਨੋਰੰਜਨ-ਸਮੱਗਰੀ ਨਾਲ ਟੀ.ਆਰ.ਪੀ. ਵੱਧਦੀ ਹੈ ਤਾਂ ਉਨ੍ਹਾਂ ਨੇ ਫ਼ਿਲਮ ਉਦਯੋਗ ਵੱਲ ਰੁਖ਼ ਕੀਤਾ। ਹੁਣ ਨਿਊਜ਼ ਚੈਨਲ ਮਨੋਰੰਜਨ ਸਮੱਗਰੀ ਲਈ ਵੱਖਰੀ ਟੀਮ ਰੱਖਣ ਲੱਗ ਗਏ ਹਨ। ਬਾਲੀਵੁੱਡ ਤੋਂ ਬਾਅਦ ਮਨੋਰੰਜਨ ਚੈਨਲਾਂ ਤੋਂ ਮਸਾਲਾ ਲਿਆ ਜਾ ਰਿਹਾ ਹੈ। ਇਹਦੇ ਲਈ ਨਿਊਜ਼ ਚੈਨਲਾਂ ਦੀ ਨਜ਼ਰ ਸੀਰੀਅਲ, ਕਾਮੇਡੀ ਸ਼ੋਅ ਅਤੇ ਰਿਆਲਿਟੀ ਸ਼ੋਅ ʼਤੇ ਰਹਿੰਦੀ ਹੈ। ਇਸ ਮਕਸਦ ਲਈ ਜਦ ਕੋਈ ਚੈਨਲ ਕੋਈ ਨਵਾਂ ਪ੍ਰੋਗਰਾਮ ਸ਼ੁਰੂ ਕਰਦਾ ਹੈ ਤਾਂ ਉਸੇ ਤਰਜ਼ ʼਤੇ ਬਾਕੀ ਚੈਨਲ ਵੀ ਪ੍ਰੋਗਰਾਮ ਆਰੰਭ ਕਰ ਲੈਂਦੇ ਹਨ। ਨਕਲ ਕਰਨ ਅਤੇ ਆਈਡੀਆ ਚੁਰਾਉਣ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ।ਆਨੇ ਬਹਾਨੇ ਫ਼ਿਲਮ ਅਤੇ ਟੈਲੀਵਿਜ਼ਨ ਕਲਾਕਾਰਾਂ ਨੂੰ ਚਰਚਾ ਵਿਚ ਸ਼ਾਮਲ ਕੀਤਾ ਜਾਂਦਾ ਹੈ ਜਾਂ ਬਾਈਟ ਰਾਹੀਂ ਦਰਸ਼ਕਾਂ ਰੂਬਰੂ ਲੈ ਆਉਂਦੇ ਹਨ।ਤੁਹਾਨੂੰ ਯਾਦ ਹੋਵੇਗਾ ਜਦ ਵੀ ਫ਼ਿਲਮ ਜਗਤ ਦੇ ਕਿਸੇ ਕਲਾਕਾਰ ਜਾਂ ਉਸਦੇ ਪਰਿਵਾਰਕ ਮੈਂਬਰ ਨਾਲ ਕੁਝ ਮਾੜਾ ਵਾਪਰਦਾ ਹੈ ਤਾਂ ਨਿਊਜ਼ ਚੈਨਲ ਕਿਵੇਂ ਮਹੀਨਿਆਂ ਤੱਕ ਉਸ ਸਟੋਰੀ ਨੂੰ ਖਿੱਚਦੇ ਹਨ। ਸੁਸ਼ਾਂਤ ਰਾਜਪੂਤ ਅਤੇ ਸ਼ਾਹਰੁਖ ਦੇ ਲੜਕੇ ਦੇ ਮਾਮਲੇ ਵਿਚ ਕੁਝ ਨਿਊਜ਼ ਚੈਨਲਾਂ ਨੇ ਕੀ ਕੁਝ ਕੀਤਾ ਅਜੇ ਤੁਹਾਨੂੰ ਭੁੱਲਿਆ ਨਹੀਂ ਹੋਵੇਗਾ।ਇੰਟਰਨੈਟ ਅਤੇ ਯੂਟਿਊਬ ਨੇ ਨਿਊਜ਼ ਚੈਨਲਾਂ ਦੀ ਇਸ ਅਜੀਬ ਲੋੜ ਨੂੰ ਮਜ਼ਬੂਤ ਠੁਮ੍ਹਣਾ ਦਿੱਤਾ ਹੈ। ਉਥੋਂ ਤਰ੍ਹਾਂ ਤਰ੍ਹਾਂ ਦੀ ਸਮੱਗਰੀ ਲੈ ਕੇ ਵਾਰ-ਵਾਰ ਪੇਸ਼ ਕਰਕੇ ਦਰਸ਼ਕਾਂ ਨੂੰ ਆਰਕਸ਼ਤ ਕੀਤਾ ਜਾਣ ਲੱਗਾ ਹੈ। ਅੱਜ ਸਥਿਤੀ ਇਹ ਹੈ ਕਿ ਬਹੁ-ਗਿਣਤੀ ਦਰਸ਼ਕ ਉਸੇ ਨੂੰ ਖ਼ਬਰ ਸਮਝ ਕੇ ਵੇਖੀ ਸੁਣੀ ਜਾ ਰਹੇ ਹਨ। ਦਰਅਸਲ ਆਮ ਦਰਸ਼ਕਾਂ ਨੂੰ ਲਗਾਤਾਰ ਅਜਿਹੀ ਹਲਕੀ-ਫੁਲਕੀ ਸਮੱਗਰੀ ਵਿਖਾ ਕੇ ਉਸਦੀ ਆਦਤ ਪਾ ਦਿੱਤੀ ਗਈ ਹੈ। ਭਾਰਤੀ ਦਰਸ਼ਕਾਂ ਵਿਚ ਇਕ ਵੱਡਾ ਵਰਗ ਅਜਿਹਾ ਹੈ ਜਿਹੜਾ ਮਨੋਰੰਜਨ ਨੂੰ ਵਧੇਰੇ ਪਸੰਦ ਕਰਦਾ ਹੈ। ਹੌਲੀ-ਹੌਲੀ ਨਿਊਜ਼ ਚੈਨਲਾਂ ʼਤੇ ਮਨੋਰੰਜਨ ਸਮੱਗਰੀ ਦੀ ਅਨੁਪਾਤ ਵੱਧਦੀ ਜਾ ਰਹੀ ਹੈ। ਇਕ ਦਿਨ ਅਜਿਹਾ ਆਵੇਗਾ ਮਨੋਰੰਜਨ ਚੈਨਲਾਂ ਦੀ ਲੋੜ ਹੀ ਨਹੀਂ ਰਹੇਗੀ।  ਦਰਸ਼ਕਾਂ ਦੀ ਮਨੋਰੰਜਨ ਦੀ ਭੁੱਖ ਖ਼ਬਰ ਚੈਨਲ ਹੀ ਪੂਰੀ ਕਰ ਦੇਣਗੇ।

You must be logged in to post a comment Login