ਨੇਪਾਲ: ਪੋਖਰਾ ਵਿੱਚ 72 ਯਾਤਰੀਆਂ ਸਣੇ ਜਹਾਜ਼ ਹਾਦਸਾਗ੍ਰਸਤ; 68 ਦੀ ਮੌਤ

ਨੇਪਾਲ: ਪੋਖਰਾ ਵਿੱਚ 72 ਯਾਤਰੀਆਂ ਸਣੇ ਜਹਾਜ਼ ਹਾਦਸਾਗ੍ਰਸਤ; 68 ਦੀ ਮੌਤ

ਕਾਠਮੰਡੂ, 15 ਜਨਵਰੀ- ਨੇਪਾਲ ਦੇ ਪੋਖਰਾ ਵਿੱਚ ਇਕ ਘਰੇਲੂ ਉਡਾਣ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ 68 ਯਾਤਰੀਆਂ ਦੀ ਮੌਤ ਹੋ ਗਈ। ਜਹਾਜ਼ ਵਿੱਚ 72 ਯਾਤਰੀ ਸਵਾਰ ਸਨ। ਇਹ ਜਹਾਜ਼ ਪੋਖਰਾ ਹਵਾਈ ਅੱਡੇ ’ਤੇ ਉਤਰਦੇ ਸਮੇਂ ਪੁਰਾਣੇ ਹਵਾਈ ਅੱਡੇ ਅਤੇ ਨਵੇਂ ਹਵਾਈ ਅੱਡੇ ਦੇ ਵਿਚਕਾਰ ਸੇਤੀ ਨਦੀ ਦੇ ਕੰਢੇ ਹਾਦਸਾਗ੍ਰਸਤ ਹੋਇਆ। ਬਚਾਅ ਕਾਰਜ ਜਾਰੀ ਹਨ ਅਤੇ ਫਿਲਹਾਲ ਏਅਰਪੋਰਟ ਨੂੰ ਬੰਦ ਕਰ ਦਿੱਤਾ ਗਿਆ ਹੈ। ਜਹਾਜ਼ ਕਾਠਮੰਡੂ ਤੋਂ ਪੋਖਰਾ ਜਾ ਰਿਹਾ ਸੀ। ਯੇਤੀ ਏਅਰਲਾਈਨ ਦੇ ਤਰਜਮਾਨ ਸੁਦਰਸ਼ਨ ਬਾਰਤੌਲਾ ਨੇ ਕਿਹਾ ਕਿ ਪੁਰਾਣੇ ਹਵਾਈ ਅੱਡੇ ਅਤੇ ਪੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ ਵਿਚਕਾਰ ਹਾਦਸਗ੍ਰਸਤ ਹੋਏ ਹਾਦਸੇ ਏਅਰਲਾਈਨ ਦੇ ਜਹਾਜ਼ ਦੇ 68 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ। ਫੌਜ ਦੇ ਤਰਜਮਾਨ ਮੁਤਾਬਕ ਹਾਦਸੇ ’ਚ ਘੱਟੋ ਘੱਟ 68 ਜਣਿਆਂ ਦੀ ਮੌਤ ਹੋ ਗਈ। ਸਰਕਾਰੀ ਨੇਪਾਲ ਟੈਲੀਵਿਜ਼ਨ ਮੁਤਾਬਕ ਯਾਤਰੀਆਂ ਵਿੱਚ 10 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਸੈਨਾ ਦੇ ਤਰਜਮਾਨ ਕ੍ਰਿਸ਼ਨਾ ਭੰਡਾਰੀ ਨੇ ਦੱਸਿਆ ਕਿ ਹਾਦਸੇ ਮਗਰੋਂ ਜਹਾਜ਼ ਦੇ ਟੁਕੜੇ ਹੋਏ। ਬਚਾਅ ਕਾਰਜ ਜਾਰੀ ਹਨ। ਜਾਣਕਾਰੀ ਅਨੁਸਾਰ ਜਹਾਜ਼ ਵਿੱਚ ਪੰਜ ਭਾਰਤੀਆਂ ਦੇ ਹੋਣ ਦੀ ਸੂਚਨਾ ਵੀ ਹੈ। ਇਨ੍ਹਾਂ ਤੋਂ ਇਲਾਵਾ ਵਿਦੇਸ਼ੀਆਂ ਯਾਤਰੀਆਂ ਵਿੱਚ ਰੂਸ ਦੇ 4, ਦੱਖਣੀ ਕੋਰੀਆ ਦੇ 2 ਜਦਿਕ ਆਇਰਲੈਂਡ, ਅਸਟਰੇਲੀਆ ਅਰਜਨਟੀਨਾ ਅਤੇ ਫਰਾਂਸ ਦਾ ਇੱਕ ਇੱਕ ਯਾਤਰੀ ਵੀ ਹੈ। ਨੇਪਾਲ ਏਵੀਏਸ਼ਨ ਅਥਾਰਟੀ ਦੇ ਅਧਿਕਾਰੀ ਨੇ ਕਿਹਾ ਕਿ ਛੋਟੇ ਹਿਮਾਲੀਅਨ ਦੇਸ਼ ਵਿੱਚ ਕਰੀਬ ਪੰਜ ਸਾਲਾਂ ਵਿੱਚ ਇਹ ਸਭ ਤੋਂ ਭਿਆਨਕ ਹਾਦਸਾ ਹੈ।

You must be logged in to post a comment Login