ਪਟਿਆਲਾ ਅਦਾਲਤ ਨੇ ਨਵਜੋਤ ਸਿੰਘ ਸਿੱਧੂ ਨੂੰ ਪੁਲੀਸ ਹਵਾਲੇ ਕੀਤਾ

ਪਟਿਆਲਾ ਅਦਾਲਤ ਨੇ ਨਵਜੋਤ ਸਿੰਘ ਸਿੱਧੂ ਨੂੰ ਪੁਲੀਸ ਹਵਾਲੇ ਕੀਤਾ

ਪਟਿਆਲਾ, 20 ਮਈ-ਪਟਿਆਲਾ ਅਦਾਲਤ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਭੇਜਣ ਦੇ ਆਦੇਸ਼ ਕਰਦਿਆਂ ਪੁਲੀਸ ਦੇ ਹਵਾਲੇ ਕਰ ਦਿੱਤਾ। ਪੁਲੀਸ ਪਾਰਟੀ ਸਿੱਧੂ ਦਾ ਮੈਡੀਕਲ ਕਰਵਾਉਣ ਲਈ ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਲੈ ਗਈ ਹੈ। ਮੈਡੀਕਲ ਹੋਣ ਮਗਰੋਂ ਸਿੱਧੂ ਨੂੰ ਪਟਿਆਲਾ ਜੇਲ੍ਹ ਵਿੱਚ ਛੱਡਿਆ ਜਾਵੇਗਾ। ਇਸ ਤੋਂ ਪਹਿਲਾਂ ਸਿੱਧੂ ਨੇ ਜੱਕੋ ਤੱਕੀ ਬਾਅਦ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਸਿੱਧੂ ਨੇ ਚੀਫ ਜੁਡੀਸ਼ਲ ਮੈਜਿਸਟ੍ਰੇਟ ਅਮਿਤ ਮਲਹਾਨ ਦੀ ਅਦਾਲਤ ਵਿਚ ਆਤਮ ਸਮਰਪਣ ਕੀਤਾ।ਇਸ ਤੋਂ ਪਹਿਲਾਂ ਸਿਹਤ ਠੀਕ ਨਾ ਹੋਣ ਦੇ ਹਵਾਲਾ ਦੇ ਕੇ ਨਵਜੋਤ ਸਿੰਘ ਸਿੱਧੂ ਵੱਲੋਂ ਸੁਪਰੀਮ ਕੋਰਟ ਵਿੱਚ ਪਹੁੰਚ ਕਰਕੇ ਆਤਮ ਸਮਰਪਣ ਲਈ ਮੰਗੀ ਮੋਹਲਤ ਮੰਗੀ ਸੀ, ਜੋ ਨਹੀਂ ਮਿਲੀ। ਇਸ ਕਰਕੇ ਉਸ ਨੂੰ ਅੱਜ ਹੀ ਪਟਿਆਲਾ ਅਦਾਲਤ ਵਿੱਚ ਆਤਮ ਸਮਰਪਣ ਕਰਨਾ ਪਵੇਗਾ। ਨਵਜੋਤ ਸਿੱਧੂ ਦੇ ਆਤਮ ਸਮਰਪਣ ਕਰਨ ਨੂੰ ਲੈ ਕੇ ਪਟਿਆਲਾ ਪੁਲੀਸ ਵੱਲੋਂ ਅਦਾਲਤ ਦੇ ਬਾਹਰ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਸਿੱਧੂ ਤੇ ਵਕੀਲਾਂ ਤੋਂ ਬਿਨਾਂ ਹੋਰ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ। ਬਾਕੀਆਂ ਨੂੰ ਬਾਹਰ ਹੀ ਰੋਕਣ ਦੇ ਪੁਲੀਸ ਮੁਲਾਜ਼ਮਾਂ ਨੂੰ ਆਦੇਸ਼ ਸਨ। ਇਸੇ ਤਰ੍ਹਾਂ ਨਵਜੋਤ ਸਿੱਧੂ ਦੀ ਯਾਦਵਿੰਦਰਾ ਕਲੋਨੀ ਸਥਿਤ ਕੋਠੀ ਨੰਬਰ ਛੱਬੀ ਨੇੜੇ ਵੀ ਪੁਲੀਸ ਫੋਰਸ ਤਾਇਨਾਤ ਕੀਤੀ ਹੋਈ ਹੈ। ਇਸ ਤੋਂ ਪਹਿਲਾਂ ਸਿੱਧੂ ਨੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦੇ ਕੇ 1988 ਦੇ ‘ਰੋਡ ਰੇਜ’ ਕੇਸ ਵਿੱਚ ਸੁਣਾਈ ਗਈ ਇੱਕ ਸਾਲ ਦੀ ਕੈਦ ਦੀ ਸਜ਼ਾ ਲਈ ਆਤਮ ਸਮਰਪਣ ਕਰਨ ਲਈ ਸੁਪਰੀਮ ਕੋਰਟ ਤੋਂ ਕੁਝ ਹਫ਼ਤਿਆਂ ਦਾ ਸਮਾਂ ਮੰਗਿਆ ਸੀ। ਜ਼ਿਕਰਯੋਗ ਹੈ ਕਿ ਸਿੱਧੂ ਨੇ ਪਹਿਲਾਂ ਅੱਜ ਸਵੇਰੇ ਦਸ ਵਜੇ ਆਤਮ ਸਮਰਪਣ ਕਰਨ ਦਾ ਸਮਾਂ ਤੈਅ ਕੀਤਾ ਸੀ। ਫਿਰ ਗਿਆਰਾਂ ਵਜੇ ਤੱਕ ਵਧਾ ਦਿੱਤਾ ਗਿਆ। ਉਸ ਮਗਰੋਂ ਦੁਪਹਿਰ ਬਾਰਾਂ ਵਜੇ ਘਰੋਂ ਰਵਾਨਾ ਹੋਣ ਦਾ ਸਮਾਂ ਮਿਥਿਆ ਗਿਆ।

You must be logged in to post a comment Login