ਪਟਿਆਲਾ ’ਚ ਦੋ ਨੌਜਵਾਨਾਂ ਦੀ ਹੱਤਿਆ

ਪਟਿਆਲਾ ’ਚ ਦੋ ਨੌਜਵਾਨਾਂ ਦੀ ਹੱਤਿਆ

ਪਟਿਆਲਾ, 6 ਅਪਰੈਲ- ਇਥੇ ਵੱਖ ਵੱਖ ਵਾਰਦਾਤਾਂ ਵਿੱਚ ਦੋ ਨੌਜਵਾਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਨੇੜਲੇ ਪਿੰਡ ਦੌਣਕਲਾਂ ਦੇ 35 ਸਾਲਾ ਧਰਮਿੰਦਰ ਸਿੰਘ ਭਿੰਦਾ ਪੁੱਤਰ ਧਨੰਤਰ ਸਿੰਘ ਨੂੰ ਲੰਘੀ ਰਾਤ ਗਿਆਰਾਂ ਵਜੇ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਚਾਰ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਬੰਧੀ ਥਾਣਾ ਅਰਬਨ ਅਸਟੇਟ ਦੀ ਪੁਲੀਸ ਨੇ ਦੌਣਕਲਾਂ ਦੇ ਹੀ ਵਸਨੀਕ ਤੇਜਿੰਦਰ ਸਿੰਘ ਫੌਜੀ ਅਤੇ ਹਰਵੀਰ ਸਿੰਘ ਸਮੇਤ ਥੇੜੀ ਵਾਸੀ ਬੋਨੀ ਅਤੇ ਹਰਮਨ ਨਾਮ ਦੇ ਨੌਜਵਾਨਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਭਿੰਦਾ ਪਿੰਡ ਦੌਣ ਕਲਾਂ ਵਿਖੇ ਯੂਥ ਕਲੱਬ ਦਾ ਪ੍ਰਧਾਨ ਵੀ ਰਿਹਾ ਹੈ, ਜਿਸ ਦੌਰਾਨ ਉਹ ਖੇਡਾਂ ਕਰਵਾਉਣ ਵਿੱਚ ਵੀ ਮੋਹਰੀ ਭੂਮਿਕਾ ਨਿਭਾਉਂਦਾ ਸੀ। ਕਤਲ ਦੀ ਦੂਜੀ ਘਟਨਾ ਸਥਾਨਕ ਸ਼ਹਿਰ ਵਿਚ ਸਥਿਤ ਕਾਲੀ ਮਾਤਾ ਮੰਦਰ ਦੇ ਨੇੜੇ ਦੀ ਹੈ, ਜਿਸ ਦੌਰਾਨ ਪ੍ਰਿਤਪਾਲ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਦਰਸ਼ਨ ਨਗਰ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਸ ਸਬੰਧੀ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਕੇ ਪੁਲੀਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

You must be logged in to post a comment Login