ਪਟਿਆਲਾ ਜੇਲ ਵਿਵਾਦਾਂ ‘ਚ, ਵਾਇਰਲ ਹੋਈ ਵੀਡੀਓ ਨਾਲ ਮਚਿਆ ਹੜਕੰਪ

ਪਟਿਆਲਾ ਜੇਲ ਵਿਵਾਦਾਂ ‘ਚ, ਵਾਇਰਲ ਹੋਈ ਵੀਡੀਓ ਨਾਲ ਮਚਿਆ ਹੜਕੰਪ

ਪਟਿਆਲਾ : ਕੇਂਦਰੀ ਜੇਲ ਪਟਿਆਲਾ ਵਿਚ ਇਕ ਕੈਦੀ ਵਲੋਂ ਪੁਲਸ ਦੀ ਮੌਜੂਦਗੀ ‘ਚ ਹੋਰ ਕੈਦੀਆਂ ਦੀਆਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਇਥੇ ਹੀ ਬਸ ਨਹੀਂ ਇਸ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜੇਲ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਵੀਡੀਓ ਦਾ ਸੱਚ ਕੀ ਹੈ, ਫਿਲਹਾਲ ਇਸ ਦਾ ਪਤਾ ਤਾਂ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ ਪਰ ਕੈਦੀਆਂ ਦੀ ਕੁੱਟਮਾਰ ਦੀ ਵਾਇਰਲ ਹੋਈ ਵੀਡੀਓ ਨੇ ਜੇਲ ਪ੍ਰਬੰਧਾਂ ਦੀ ਇਕ ਵਾਰ ਫਿਰ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਜੇਲ ‘ਚ ਕੀਤੀ ਗਈ ਕੁੱਟਮਾਰ ਦੀ ਇਹ ਘਟਨਾ 5 ਜੁਲਾਈ ਅਤੇ 8 ਅਗਸਤ ਦੀ ਦੱਸੀ ਜਾ ਰਹੀ ਹੈ। ਕੈਦੀ ਦੀ ਕੁੱਟਮਾਰ ਕਿਉਂ ਕੀਤੀ ਜਾ ਰਹੀ ਹੈ, ਇਸ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਨਾ ਹੀ ਕੁੱਟਮਾਰ ਕਰਨ ਵਾਲੇ ਦੀ ਪਛਾਣ ਹੋ ਸਕੀ ਹੈ ਪਰ ਵੀਡੀਓ ਬਣਾਉਣ ਵਾਲੇ ਵਿਅਕਤੀ ਵਲੋਂ ਵੀਡੀਓ ਵਿਚ ਜੇਲ ਪ੍ਰਸ਼ਾਸਨ ਦੀ ਮਿਲੀ ਭੁਗਤ ਹੋਣ ਦਾ ਖੁਲਾਸਾ ਕੀਤਾ ਜਾ ਰਿਹਾ ਹੈ।

ਕੀ ਕਹਿਣਾ ਹੈ ਜੇਲ ਸੁਪਰਡੈਂਟ ਦਾ
ਇਸ ਮਾਮਲੇ ‘ਤੇ ਬੋਲਦੇ ਹੋਏ ਜੇਲ ਸੁਪਰੀਡੈਂਟ ਰਾਜਨ ਕਪੂਰ ਨੇ ਕਿਹਾ ਕਿ ਇਸ ਬਾਰੇ ਪੱਕੇ ਤੌਰ ‘ਤੇ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਵੀਡੀਓ ਪਟਿਆਲਾ ਜੇਲ ਦੀ ਹੈ ਜਾਂ ਨਹੀਂ ਜਦੋਂ ਤਕ ਵੀਡੀਓ ਦਾ ਸੱਚ ਸਾਹਮਣੇ ਨਹੀਂ ਆ ਜਾਂਦਾ, ਉਦੋਂ ਤਕ ਕੁਝ ਨਹੀਂ ਕਿਹਾ ਜਾ ਸਕਦਾ। ਕਪੂਰ ਨੇ ਸ਼ੱਕ ਜ਼ਾਹਿਰ ਕੀਤਾ ਕਿ 31 ਅਗਸਤ ਨੂੰ ਜੇਲ ਵਿਚ 6 ਵਿਅਕਤੀਆਂ ਤੋਂ ਨਸ਼ਾ ਫੜਿਆ ਗਿਆ ਸੀ, ਜਿਨ੍ਹਾਂ ਵਿਰੁੱਧ ਕੇਸ ਵੀ ਦਰਜ ਕਰਵਾਇਆ ਗਿਆ ਹੈ, ਸਾਰਿਆਂ ਦੀ ਜੇਲ ਵੀ ਬਦਲੀ ਗਈ ਹੈ, ਇਹ ਕੰਮ ਉਨ੍ਹਾਂ ਲੋਕਾਂ ਦਾ ਹੀ ਕੀਤਾ ਹੋ ਸਕਦਾ ਹੈ। ਇਹ ਨਸ਼ਾ ਤਸਕਰਾਂ ਖਿਲਾਫ ਕੀਤੀ ਗਈ ਕਾਰਵਾਈ ਦਾ ਇਹ ਅਸਰ ਹੈ ਕਿ ਜੇਲ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

You must be logged in to post a comment Login