ਪਟਿਆਲਾ, 18 ਮਈ- ਇਥੋਂ ਨਜ਼ਦੀਕ ਭਾਦਸੋਂ ਰੋਡ ’ਤੇ ਲੰਘੀ ਅੱਧੀ ਰਾਤ ਤੋਂ ਬਾਅਦ ਹੋਏ ਹਾਦਸੇ ਕਾਰਨ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥਣ ਸਮੇਤ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂਕਿ ਦੋ ਜ਼ਖ਼ਮੀ ਹੋ ਗਏ। ਇਨ੍ਹਾਂ ਸਾਰਿਆਂ ਦੇ ਮਾਪਿਆਂ ਨੇ ਕਿਸੇ ਖ਼ਿਲਾਫ਼ ਕੋਈ ਕਾਰਵਾਈ ਕਰਵਾਏ ਬਗ਼ੈਰ ਰਾਜਿੰਦਰਾ ਹਸਪਤਾਲ ਵਿੱਚੋਂ ਆਪੋ-ਆਪਣੇ ਬੱਚਿਆਂ ਦੀਆਂ ਦੇਹਾਂ ਲੈ ਲਈਆਂ। ਯੂਨੀਵਰਸਿਟੀ ਦੇ ਕੁਝ ਵਿਦਿਆਰਥੀਆਂ ਨੇ ਪਟਿਆਲਾ ਸ਼ਹਿਰ ’ਚ ਪਾਰਟੀ ਕੀਤੀ। ਇਸ ਮਗਰੋਂ ਅੱਧੀ ਰਾਤ ਤੋਂ ਬਾਅਦ ਤਿੰਨ ਕਾਰਾਂ ਰਾਹੀਂ, ਜਦੋਂ ਉਹ ਯੂਨੀਵਰਸਿਟੀ ਕੈਂਪਸ ’ਚ ਵਾਪਸ ਆ ਰਹੇ ਸਨ ਤਾਂ ਯੂਨੀਵਰਸਿਟੀ ਦੇ ਨੇੜੇ ਹੀ ਇਨ੍ਹਾਂ ਦੀ ਇਕ ਕਾਰ ਪਲਟ ਗਈ ਤੇ ਦੂਜੀ ਐੱਸਯੂਵੀ ਐਨਡੈਵਰ ਦਰੱਖਤ ’ਚ ਜਾ ਵੱਜੀ। ਉਸ ’ਚ ਸਵਾਰ ਚਾਰ ਜਣਿਆਂ ਦੀ ਮੌਤ ਹੋ ਗਈ, ਜਦਕਿ ਕਾਰ ਵਿੱਚ ਸਵਾਰ ਦੋ ਵਿਦਿਆਰਥੀ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਜਦੋਂ ਸਰਕਾਰੀ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ ਤਾਂ ਉੱਥੇ ਤਿੰਨ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ, ਜਦਕਿ ਇੱਕ ਗੰਭੀਰ ਜ਼ਖ਼ਮੀ ਵੀ ਇਲਾਜ ਦੌਰਾਨ ਕੁਝ ਸਮੇਂ ਬਾਅਦ ਦਮ ਤੋੜ ਗਿਆ। ਮ੍ਰਿਤਕਾਂ ’ਚ 24 ਸਾਲਾ ਇਸ਼ਾਨ ਸੂਦ ਪੁੱਤਰ ਸੰਜੀਵ ਸੂਦ ਸੈਕਟਰ 26 ਪੰਚਕੂਲਾ (ਹਰਿਆਣਾ), 22 ਸਾਲਾ ਰਿਬੂ ਸਹਿਗਲ ਪੁੱਤਰ ਬਿਕਰਮ ਸਿੰਘ ਵਾਸੀ ਫਰੀਦਾਬਾਦ (ਹਰਿਆਣਾ), ਕੁਸ਼ਾਗਰ ਯਾਦਵ ਪੁੱਤਰ ਮਹਿੰਦਰ ਯਾਦਵ ਗੁੜਗਾਓਂ (ਹਰਿਆਣਾ) ਅਤੇ 23 ਸਾਲਾ ਰੀਤ ਕੌਰ ਵਾਸੀ ਚੰਡੀਗੜ੍ਹ ਸ਼ਾਮਲ ਹਨ। ਜ਼ਖਮੀਆਂ ਵਿੱਚੋਂ ਇੱਕ ਦਾ ਨਾਮ ਦੀਕਸ਼ਾਂਤ ਜੌਹਰ ਹੈ।
You must be logged in to post a comment Login