ਪਰਾਲੀ ਦੀਆਂ ਅੱਗਾਂ ਨੇ ਪੰਜਾਬ ‘ਚ ਧੁਆਂਖੀ ਧੁੰਦ ਦਾ ਸੰਕਟ ਹੋਰ ਵਧਾਇਆ

ਪਰਾਲੀ ਦੀਆਂ ਅੱਗਾਂ ਨੇ ਪੰਜਾਬ ‘ਚ ਧੁਆਂਖੀ ਧੁੰਦ ਦਾ ਸੰਕਟ ਹੋਰ ਵਧਾਇਆ

ਪਟਿਆਲਾ, 16 ਨਵੰਬਰ- ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਭਰ ਵਿਚ ਆਤਿਸ਼ਬਾਜ਼ੀ ਕੀਤੇ ਜਾਣ ਅਤੇ ਖੇਤਾਂ ‘ਚ ਪਰਾਲੀ ਨੂੰ ਸਾੜਨ ਲਈ ਅੱਗਾਂ ਲਾਏ ਜਾਣ ਦੀਆਂ ਘਟਨਾਵਾਂ ਵਿਚ ਹੋਏ ਵਾਧੇ ਕਾਰਨ ਸੂਬੇ ‘ਚ ਹਵਾ ਦੀ ਗੁਣਵੱਤਾ ਹੋਰ ਵਿਗੜ ਗਈ ਹੈ। ਇਸ ਕਾਰਨ ਅੰਮ੍ਰਿਤਸਰ ‘ਚ ਹਵਾ ਗੁਣਵੱਤਾ ਸੂਚਕਅੰਕ (AQI) ਪੱਧਰ ਅੱਜ ਸਵੇਰੇ 326 ਤੱਕ ਪਹੁੰਚ ਗਿਆ ਹੈ ਅਤੇ ਇਹ ‘ਬਹੁਤ ਮਾੜੀ’ ਸ਼੍ਰੇਣੀ ‘ਚ ਆ ਗਿਆ ਹੈ। ਜਲੰਧਰ ਵਿੱਚ ਏਕਿਊਆਈ 217, ਖੰਨਾ ਵਿੱਚ 179, ਲੁਧਿਆਣਾ ਵਿੱਚ 218, ਮੰਡੀ ਗੋਬਿੰਦਗੜ੍ਹ ਵਿੱਚ 224, ਪਟਿਆਲਾ ਵਿੱਚ 235 ਅਤੇ ਰੂਪਨਗਰ ਵਿੱਚ 155 ਦਰਜ ਕੀਤਾ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਖੇਤਾਂ ਵਿੱਚ ਅੱਗਾਂ ਲਾਏ ਜਾਣ ਦੀ ਗਿਣਤੀ ਵਿੱਚ ਕਮੀ ਆਉਣੀ ਸ਼ੁਰੂ ਹੋ ਗਈ ਹੈ, ਪਰ ਚੰਡੀਗੜ੍ਹ ਟ੍ਰਾਈਸਿਟੀ ਅਤੇ ਐਨਸੀਆਰ ਸਮੇਤ ਵੱਖ-ਵੱਖ ਪ੍ਰਭਾਵਿਤ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਣ ਵਿੱਚ ਹਾਲੇ ਸਮਾਂ ਲੱਗੇਗਾ। ਪੰਜਾਬ ਵਿੱਚ ਸ਼ੁੱਕਰਵਾਰ ਨੂੰ ਪਰਾਲੀ ਸਾੜਨ ਦੇ 238 ਮਾਮਲੇ ਸਾਹਮਣੇ ਆਏ, ਜਿਸ ਨਾਲ ਇਸ ਸੀਜ਼ਨ ’ਚ ਅਜਿਹੀਆਂ ਘਟਨਾਵਾਂ ਦੀ ਕੁੱਲ ਗਿਣਤੀ 7,864 ਹੋ ਗਈ ਹੈ।

You must be logged in to post a comment Login