ਪਰਿਵਾਰ ਵਿਛੋੜਾ : ਨੰਗੇ ਪੈਰੀਂ ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਕੁੰਮਾ ਮਾਸ਼ਕੀ ਪੁੱਜੀ ਸੰਗਤ

ਪਰਿਵਾਰ ਵਿਛੋੜਾ : ਨੰਗੇ ਪੈਰੀਂ ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਕੁੰਮਾ ਮਾਸ਼ਕੀ ਪੁੱਜੀ ਸੰਗਤ

ਘਨੌਲੀ, 22 ਦਸੰਬਰ- ਮਾਤਾ ਗੁਜਰੀ ਅਤੇ ਛੋਟੇ ਸਾਹਬਜ਼ਾਦਿਆਂ ਦੇ ਆਪਣੇ ਪਰਿਵਾਰ ਤੋਂ ਵਿਛੜਨ ਦੀ ਯਾਦ ਨੂੰ ਤਾਜ਼ਾ ਕਰਨ ਲਈ ਪਿੰਡ ਕੋਟਬਾਲਾ ਅਤੇ ਨੇੜਲੇ ਪਿੰਡਾਂ ਦੀਆਂ ਸੰਗਤਾਂ ਦੁਆਰਾ ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਯਾਦਗਾਰ ਛੰਨ ਕੁੰਮਾ ਮਾਸ਼ਕੀ ਜੀ ਚੱਕ ਢੇਰਾ ਤੱਕ ਪੈਦਲ ਸਫਰ-ਏ-ਸ਼ਹਾਦਤ ਮਾਰਚ ਕੱਢਿਆ ਗਿਆ। ਗੁਰੂ ਗਰੰਥ ਸਾਹਿਬ ਦੀ ਛਤਰ ਛਾਇਆ, ਪੰਜ ਪਿਆਰਿਆਂ ਦੀ ਅਗਵਾਈ ਤੇ ਬਾਬਾ ਅਵਤਾਰ ਸਿੰਘ ਟਿੱਬੀ ਦੀ ਦੇਖ ਰੇਖ ਅਧੀਨ ਕੱਢਿਆ ਗਿਆ ਇਹ ਪੈਦਲ ਮਾਰਚ ਪਰਿਵਾਰ ਵਿਛੋੜਾ ਸਾਹਿਬ ਤੋਂ ਸ਼ੁਰੂ ਹੋ ਕੇ ਵੱਖ ਵੱਖ ਪਿੰਡਾਂ ਰਾਹੀਂ ਹੁੰਦਾ ਹੋਇਆ ਯਾਦਗਾਰ ਛੰਨ ਬਾਬਾ ਕੁੰਮਾ ਮਾਸ਼ਕੀ ਜੀ ਚੱਕ ਢੇਰਾ ਵਿਖੇ ਸਮਾਪਤ ਹੋਇਆ। ਇਸ ਤੋਂ ਪਹਿਲਾਂ ਬੀਤੀ ਰਾਤ ਗੁਰਦੁਆਰਾ ਪਰਿਵਾਰ ਵਿਛੋੜਾ ਵਿਖੇ ਢਾਡੀ ਅਤੇ ਕੀਰਤਨ ਦਰਬਾਰ ਸਜਾਇਆ ਗਿਆ। ਛੋਟੀ ਬੱਚੀ ਕਰਮਨਪ੍ਰੀਤ ਕੌਰ ਵੱਲੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਬਾਰੇ ਦਿੱਤੀ ਜਾਣਕਾਰੀ ਨੇ ਸੰਗਤ ਨੂੰ ਕਾਫੀ ਪ੍ਰਭਾਵਿਤ ਕੀਤਾ। ਢਾਡੀ ਅਤੇ ਕੀਰਤਨ ਦਰਬਾਰ ਦੀ ਸਮਾਪਤੀ ਉਪਰੰਤ ਸਵੇਰੇ ਭਾਈ ਉਦੈ ਸਿੰਘ ਦੀਵਾਨ ਹਾਲ ਵਿੱਚ ਆਸਾ ਦੀ ਵਾਰ ਦਾ ਕੀਰਤਨ ਕਰਨ ਤੋਂ ਬਾਅਦ ਸਫਰ-ਏ-ਸ਼ਹਾਦਤ ਪੈਦਲ ਮਾਰਚ ਨੂੰ ਰਵਾਨਾ ਕੀਤਾ ਗਿਆ। ਇਸ ਮਾਰਚ ਵਿੱਚ ਵੱਡੀ ਗਿਣਤੀ ਸੰਗਤਾਂ ਵੈਰਾਗਮਈ ਸ਼ਬਦ ਗਾਇਨ ਕਰਦੀਆਂ ਤੇ ਅੱਖਾਂ ਵਿੱਚੋਂ ਅੱਥਰੂ ਕੇਰਦੀਆਂ ਹੋਈਆਂ ਪਾਲਕੀ ਦੇ ਪਿੱਛੇ ਚੱਲ ਕੇ ਸਿਰਸਾ ਨਦੀ ਦੇ ਠੰਢੇ ਪਾਣੀ ਨੂੰ ਪਾਰ ਕਰਨ ਉਪਰੰਤ ਕੁੰਮਾ ਮਾਸ਼ਕੀ ਪੁੱਜੀਆਂ। ਇਸ ਪੈਦਲ ਮਾਰਚ ਵਿੱਚ ਸੰਤ ਅਗਤਾਰ ਸਿੰਘ ਤੇ ਕਥਾਵਾਚਕ ਸੁਖਵਿੰਦਰ ਸਿੰਘ ਤੋਂ ਇਲਾਵਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਦਿਨੇਸ਼ ਚੱਢਾ ਵਿਧਾਇਕ ਰੂਪਨਗਰ, ਮਨਵਿੰਦਰ ਸਿੰਘ ਗਿਆਸਪੁਰਾ ਵਿਧਾਇਕ ਪਾਇਲ, ਸਰਪੰਚ ਪਰਗਟ ਸਿੰਘ, ਡੀਐੱਸਪੀ ਤਰਲੋਚਨ ਸਿੰਘ, ਭਾਈ ਅਮਰਜੀਤ ਸਿੰਘ ਫੌਜੀ ਕੋਟਬਾਲਾ, ਸਰਪੰਚ ਰਣਬੀਰ ਸਿੰਘ ਆਸਪੁਰਾ ਤੇ ਹੋਰ ਵੱਡੀ ਗਿਣਤੀ ਵਿੱਚ ਮੋਹਤਬਰ ਹਾਜ਼ਰ ਸਨ। ਯਾਦਗਾਰ ਛੰਨ ਕੁੰਮਾ ਮਾਸ਼ਕੀ ਜੀ ਚੱਕ ਢੇਰਾ ਪੁੱਜਣ ਤੇ ਭਾਈ ਸੁਰਿੰਦਰ ਸਿੰਘ ਖਜ਼ੂਰਲਾ ਅਤੇ ਹੋਰ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਪੈਦਲ ਮਾਰਚ ਦਾ ਸਵਾਗਤ ਕੀਤਾ।

You must be logged in to post a comment Login