ਰਿਐਲਿਟੀ ਸ਼ੋਅ ‘ਬਿਗ ਬ੍ਰਦਰ’ ਦੇ 25ਵੇਂ ਸੀਜ਼ਨ ਨੂੰ ਆਪਣਾ ਜੇਤੂ ਮਿਲ ਚੁੱਕਾ ਹੈ। ਇਸ ਸ਼ੋਅ ਦਾ ਖਿਤਾਬ 25 ਸਾਲਾ ਜਗਤੇਸ਼ਵਰ ਸਿੰਘ ਜਗ ਬੈਂਸ ਨੇ ਜਿੱਤਿਆ ਹੈ। ਸ਼ੋਅ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੈ ਕਿ ਕੋਈ ਸਿੱਖ ਪ੍ਰਤੀਯੋਗੀ ‘ਬਿੱਗ ਬ੍ਰਦਰ’ ਦਾ ਜੇਤੂ ਬਣਿਆ ਹੈ। ‘ਬਿੱਗ ਬ੍ਰਦਰ’ ਦੇ ਘਰ ‘ਚ 100 ਦਿਨ ਰਹਿ ਕੇ ਬੈਂਸ ਨੇ ਹਰ ਮੁਸ਼ਕਿਲ ‘ਤੇ ਕਾਬੂ ਪਾਇਆ ਅਤੇ ਉਨ੍ਹਾਂ ਦਾ ਸਬਰ ਕੰਮ ਆਇਆ। ਬੈਂਸ ਨੂੰ ਸ਼ੋਅ ਜਿੱਤਣ ਤੋਂ ਬਾਅਦ ਇਨਾਮ ਵਿੱਚ 7,50,000 ਡਾਲਰ ਯਾਨੀ 6 ਕਰੋੜ ਰੁਪਏ ਤੋਂ ਵੱਧ ਮਿਲਣਗੇ। ਬੈਂਸ ਦੇ ਜੇਤੂ ਬਣਦੇ ਹੀ ਹਰ ਕੋਈ ਉਨ੍ਹਾਂ ਨੂੰ ਵਧਾਈ ਦੇ ਰਿਹਾ ਹੈ। ਸ਼ੋਅ ਵਿੱਚ ਦਾਖ਼ਲ ਹੋਣ ਮੌਕੇ ਜਗ ਬੈਂਸ ਨੇ ਇਕ ਇੰਸਟਾਗ੍ਰਾਮ ਪੋਸਟ ਪਾ ਕੇ ਆਪਣੇ ਜਜ਼ਬਾਤ ਸਾਂਝੇ ਕੀਤੇ ਸਨ। ਬੈਂਸ ਨੇ ਆਪਣੀ ਪੋਸਟ ਵਿੱਚ ਲਿਖਿਆ ਸੀ, “ਹੁਣ ਇਹ ਅਧਿਕਾਰਤ ਹੈ। ਮੈਨੂੰ ਬਹੁਤ ਜ਼ਿਆਦਾ ਖ਼ੁਸ਼ੀ ਹੈ ਕਿ ਮੈਂ ਬਿੱਗ ਬ੍ਰਦਰ 25 ਦੀ ਦੁਨੀਆ ਵਿੱਚ ਹਾਊਸ ਗੈਸਟ ਵਜੋਂ ਦਾਖ਼ਲ ਹੋ ਰਿਹਾ ਹਾਂ।” ਉਨ੍ਹਾਂ ਲਿਖਿਆ, “ਸ਼ੋਅ ਵਿੱਚ ਜਾਣ ਵਾਲੇ ਪਹਿਲੇ ਸਿੱਖ ਵਜੋਂ ਮੈਂ ਅਸਲੋਂ ਮਾਣ, ਨਿਮਰ ਅਤੇ ਖ਼ੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ।” ਇਕ ਪੋਰਟਲ ਨਾਲ ਗੱਲਬਾਤ ਦੌਰਾਨ ਜਗ ਬੈਂਸ ਨੇ ਕਿਹਾ, “ਮੈਂ ਹਮੇਸ਼ਾ ਇਮਾਨਦਾਰੀ ਨਾਲ ਖੇਡ ਕੇ ਇਸ ਖੇਡ ਨੂੰ ਜਿੱਤਣਾ ਚਾਹੁੰਦਾ ਸੀ। ਮੈਂ ਹਮੇਸ਼ਾ ਉਹੀ ਕੀਤਾ ਜੋ ਮੇਰੇ ਦਿਲ ਨੇ ਕਿਹਾ। ਮੈਂ ਬਹੁਤ ਖੁਸ਼ ਹਾਂ। ਮੈਂ ਬਚਪਨ ਤੋਂ ਹੀ ‘ਬਿੱਗ ਬ੍ਰਦਰ’ ਦਾ ਪ੍ਰਸ਼ੰਸਕ ਰਿਹਾ ਹਾਂ। ਸ਼ੋਅ ‘ਚ ਜਾਣ ਦੀ ਮੇਰੀ ਬੜੀ ਇੱਛਾ ਸੀ, ਜੋ ਹੁਣ ਪੂਰੀ ਹੋ ਗਈ ਹੈ।” ਦੱਸ ਦੇਈਏ ਕਿ ਬਿੱਗ ਬ੍ਰਦਰ 25’ ਦਾ ਪ੍ਰੀਮੀਅਰ 2 ਅਗਸਤ ਨੂੰ ਹੋਇਆ ਸੀ।

You must be logged in to post a comment Login