ਪਾਕਿਸਤਾਨ ‘ਚ 80 ਸਾਲਾਂ ਬਾਅਦ ਖੁੱਲ੍ਹਣਗੇ ਗੁਰਦੁਆਰਾ ਨਾਨਕਸਰ ਦੇ ਬੂਹੇ

ਚੰਡੀਗੜ੍ਹ, 19 ਫਰਵਰੀ (ਪ.ਪ.)- ਪਾਕਿਸਤਾਨ ਦੇ ਸਿਆਲਕੋਟ ਵਿੱਚ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸਾਹਿਬ, ਜੋ ਵੰਡ ਤੋਂ ਬਾਅਦ ਬੰਦ ਪਿਆ ਸੀ, ਹੁਣ ਦੁਬਾਰਾ ਆਬਾਦ (Restore) ਕੀਤਾ ਜਾਵੇਗਾ। ਗੁਰਦੁਆਰਾ ਪਹਿਲੀ ਪਾਤਸ਼ਾਹੀ ਨਾਨਕਸਰ ਸਿਆਲਕੋਟ ਦੇ ਡਸਕਾ ਜ਼ਿਲ੍ਹੇ ਦੇ ਪਿੰਡ ਫ਼ਤਹਿ ਭਿੰਡਰ ਵਿੱਚ ਸਥਿਤ ਹੈ। ਇਸ ਦੀ ਇਮਾਰਤ ਕਾਫੀ ਖ਼ਸਤਾ ਹਾਲਤ ਵਿੱਚ ਹੈ, ਜਿਸ ਦੀ ਮੁਰੰਮਤ ਲਈ ਹੁਣ ਜਾਂਚ ਕੀਤੀ ਜਾ ਰਹੀ ਹੈ। ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਸ ਅਸਥਾਨ ਦੀ ਯਾਤਰਾ ਕੀਤੀ ਸੀ। ਵੰਡ ਵੇਲੇ ਇਹ ਹਿੱਸਾ ਪਾਕਿਸਤਾਨ ਵਿੱਚ ਰਹਿ ਗਿਆ ਸੀ ਅਤੇ ਸਿੱਖ ਪਰਿਵਾਰਾਂ ਦੇ ਉੱਥੋਂ ਚਲੇ ਜਾਣ ਕਾਰਨ ਇਹ ਅਸਥਾਨ ਲੰਬੇ ਸਮੇਂ ਤੋਂ ਖਾਲੀ ਪਿਆ ਸੀ। ਉੱਥੇ ਅੱਜ ਵੀ ਗੁਰਮੁਖੀ ਵਿੱਚ ਲਿਖੀ ਇੱਕ ਸੰਗਮਰਮਰ ਦੀ ਤਖ਼ਤੀ ਮੌਜੂਦ ਹੈ, ਜੋ ਗੁਰੂ ਸਾਹਿਬ ਦੀ ਫੇਰੀ ਬਾਰੇ ਜਾਣਕਾਰੀ ਦਿੰਦੀ ਹੈ।

You must be logged in to post a comment Login