ਪਾਕਿਸਤਾਨ ਦਾ ਇਕਲੌਤਾ ਸਿੱਖ ਪੁਲਸ ਅਫਸਰ ਬਰਖਾਸਤ

ਪਾਕਿਸਤਾਨ ਦਾ ਇਕਲੌਤਾ ਸਿੱਖ ਪੁਲਸ ਅਫਸਰ ਬਰਖਾਸਤ

ਇਸਲਾਮਾਬਾਦ- ਪਾਕਿਸਤਾਨ ‘ਚ ਪਿਛਲੇ ਮਹੀਨੇ ਇੱਥੋਂ ਦੇ ਪਹਿਲੇ ਸਿੱਖ ਟ੍ਰੈਫਿਕ ਪੁਲਸ ਅਫ਼ਸਰ ਗੁਲਾਬ ਸਿੰਘ ਸ਼ਾਹੀਨ ਨੂੰ ਘਰੋਂ ਕੱਢ ਦਿੱਤਾ ਗਿਆ ਸੀ ਅਤੇ ਉਸ ਨਾਲ ਕੁੱਟ-ਮਾਰ ਵੀ ਕੀਤੀ ਗਈ ਸੀ ਅਤੇ ਹੁਣ ਉਸ ਨੂੰ ਨੌਕਰੀ ਤੋਂ ਹੱਥ ਧੋਣੇ ਪੈ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਗੁਲਾਬ ਸਿੰਘ ਕਥਿਤ ਤੌਰ ‘ਤੇ 116 ਦਿਨਾਂ ਤੋਂ ਆਪਣੇ ਉੱਚ ਅਫਸਰਾਂ ਦੀ ਪ੍ਰਵਾਨਗੀ ਤੋਂ ਬਿਨਾਂ ਡਿਊਟੀ ਤੋਂ ਗ਼ੈਰ ਹਾਜ਼ਰ ਰਿਹਾ ਸੀ ਤੇ ਵਰਦੀ ਦੇ ਜ਼ਾਬਤੇ ਦੀ ਵੀ ਪਾਲਣਾ ਨਹੀਂ ਕਰ ਰਿਹਾ ਸੀ। ਹਾਲਾਂਕਿ ਗੁਲਾਬ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਹੋਣ ਕਰ ਕੇ ਇਹ ਸਭ ਸਹਿਣ ਕਰਨਾ ਪੈ ਰਿਹਾ ਹੈ। ਉਸ ਨੇ ਦੋਸ਼ ਲਗਾਇਆ ਕਿ ਜਦ ਉਸ ਨੂੰ ਬੇਘਰ ਕੀਤਾ ਗਿਆ ਸੀ ਤਾਂ ਉਸ ਨੇ ਪਾਕਿਸਤਾਨ ਓਕਾਫ ਬੋਰਡ ਦੇ ਅਧਿਕਾਰੀਆਂ ਦੀ ਵਧੀਕੀ ਦਾ ਮਾਮਲਾ ਵਿਦੇਸ਼ੀ ਮੀਡੀਆ ਕੋਲ ਉਠਾਇਆ ਸੀ ਅਤੇ ਹੁਣ ਉਸ ਨੂੰ ਇਸੇ ਦੀ ਸਜ਼ਾ ਦਿੱਤੀ ਜਾ ਰਹੀ ਹੈ। ਉਸ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਇਕ ਹਾਦਸੇ ‘ਚ ਉਸ ਦੀ ਬਾਂਹ ਟੁੱਟ ਗਈ ਸੀ ਅਤੇ ਉਸ ਨੇ ਮੈਡੀਕਲ ਛੁੱਟੀ ਲਈ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਮੀਡੀਆ ਦਾ ਕਹਿਣਾ ਹੈ ਕਿ ਗੁਲਾਬ ਸਿੰਘ 2006 ਵਿੱਚ ਆਪਣੀ ਨਿਯੁਕਤੀ ਵੇਲੇ ਤੋਂ ਹੀ ਵਿਵਾਦਾਂ ਦਾ ਵਿਸ਼ਾ ਬਣਿਆ ਹੋਇਆ ਸੀ। ਨੌਕਰੀ ਤੋਂ ਹਟਾਉਣ ਦੀ ਖਬਰ ਸੁਣ ਕੇ ਗੁਲਾਬ ਸਿੰਘ ਨੂੰ ਸਦਮਾ ਲੱਗਾ ਹੈ ਤੇ ਉਸ ਨੂੰ ਇਕ ਹਸਪਤਾਲ ਲਿਜਾਇਆ ਗਿਆ ਹੈ।

You must be logged in to post a comment Login