ਪਾਸਪੋਰਟ ਦਫ਼ਤਰ ’ਤੇ ਮੋਹਰ ਲਾਉਣ ਲਈ ਤਰਲੋਮੱਛੀ ਹੋਏ ਭਗਵੰਤ ਮਾਨ ਤੇ ਰਜ਼ੀਆ ਸੁਲਤਾਨਾ

ਪਾਸਪੋਰਟ ਦਫ਼ਤਰ ’ਤੇ ਮੋਹਰ ਲਾਉਣ ਲਈ ਤਰਲੋਮੱਛੀ ਹੋਏ ਭਗਵੰਤ ਮਾਨ ਤੇ ਰਜ਼ੀਆ ਸੁਲਤਾਨਾ

ਸੰਗਰੂਰ, 25 ਜਨਵਰੀ : ਮਾਲੇਰਕੋਟਲਾ ’ਚ 16 ਫਰਵਰੀ ਨੂੰ ਖੁੱਲ੍ਹ ਰਹੇ ਖੇਤਰੀ ਪਾਸਪੋਰਟ ਦਫ਼ਤਰ ਦੇ ਉਦਘਾਟਨ ਨੂੰ ਲੈ ਕੇ ਰਾਜਨੀਤੀ ਗਰਮਾ ਗਈ ਹੈ। ਪਾਸਪੋਰਟ ਦਫ਼ਤਰ ਖੋਲ੍ਹਣ ਦਾ ਸਿਹਰਾ ਆਪੋ-ਆਪਣੇ ਸਿਰ ਬੰਨ੍ਹਣ ਲਈ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਦੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਆਹਮੋ-ਸਾਹਮਣੇ ਆ ਗਏ ਹਨ। ਦੋਵਾਂ ਵੱਲੋਂ ਮਾਲੇਰਕੋਟਲਾ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਸਬੰਧੀ ਬਾਕਾਇਦਾ ਪੋਸਟਰ ਛਪਵਾਏ ਗਏ ਹਨ। ਕੈਬਨਿਟ ਮੰਤਰੀ ਦੇ ਹੱਕ ਵਿੱਚ ਲੱਗੇ ਪੋਸਟਰਾਂ ’ਚ ਦੱਸਿਆ ਗਿਆ ਹੈ ਕਿ ਰਜ਼ੀਆ ਸੁਲਤਾਨਾ ਵੱਲੋਂ 16 ਫਰਵਰੀ ਨੂੰ ਦਫ਼ਤਰ ਦਾ ਉਦਘਾਟਨ ਕੀਤਾ ਜਾਵੇਗਾ। ਉਧਰ, ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਹੀ ਖੇਤਰੀ ਪਾਸਪੋਰਟ ਦਫ਼ਤਰ ਖੁੱਲ੍ਹ ਰਿਹਾ ਹੈ ਅਤੇ ਉਹ 16 ਫਰਵਰੀ ਨੂੰ ਉਦਘਾਟਨ ਦੇ ਸਮਾਗਮ ਦੀ ਪ੍ਰਧਾਨਗੀ ਕਰਨਗੇ।
ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਰਜ਼ੀਆ ਸੁਲਤਾਨਾ ਨੂੰ ਖੇਤਰੀ ਪਾਸਪੋਰਟ ਦਫ਼ਤਰ ਦਾ ਉਦਘਾਟਨ ਕਰਨ ਦਾ ਏਨਾ ਚਾਅ ਹੈ ਤਾਂ ਕਰ ਲੈਣ। ਉਨ੍ਹਾਂ ਕਿਹਾ ਕਿ ਸੰਗਰੂਰ ਸੰਸਦੀ ਹਲਕੇ ’ਚ ਉਨ੍ਹਾਂ ਕਈ ਸਕੂਲਾਂ ’ਚ ਗਰਾਂਟਾਂ ਦੇ ਕੇ ਨਵੇਂ ਕਮਰੇ ਬਣਵਾਏ ਹਨ। ਜੇਕਰ ਮੈਡਮ ਰਜ਼ੀਆ ਚਾਹੁਣ ਤਾਂ ਉਨ੍ਹਾਂ ਕਮਰਿਆਂ ਦਾ ਉਦਘਾਟਨ ਵੀ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਹ ਆਪਣੇ ਸੰਸਦੀ ਹਲਕੇ ਵਿੱਚ ਖੇਤਰੀ ਪਾਸਪੋਰਟ ਦਫ਼ਤਰ ਦੀ ਮੰਗ ਨੂੰ ਲੈ ਕੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲੇ ਸਨ, ਜਿਸ ਮਗਰੋਂ ਅਪਰੈਲ-2018 ਵਿਚ ਕੇਂਦਰੀ ਵਿਦੇਸ਼ ਮੰਤਰਾਲੇ ਨੇ ਦੱਸਿਆ ਸੀ ਕਿ ਸੰਗਰੂਰ ਜ਼ਿਲ੍ਹੇ ’ਚ ਪਾਸਪੋਰਟ ਦਫ਼ਤਰ ਖੋਲ੍ਹ ਰਹੇ ਹਾਂ ਅਤੇ ਇਹ ਦਫ਼ਤਰ ਡਾਕਖਾਨੇ ’ਚ ਹੀ ਖੁੱਲ੍ਹੇਗਾ। ਸ੍ਰੀ ਮਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ 25 ਅਪਰੈਲ ਨੂੰ ਪਾਸਪੋਰਟ ਦਫ਼ਤਰ ਲਈ ਥਾਂ ਦਾ ਪ੍ਰਬੰਧ ਕਰਨ ਵਾਸਤੇ ਸੰਗਰੂਰ ’ਚ ਮੁੱਖ ਡਾਕਘਰ ਦਾ ਦੌਰਾ ਕੀਤਾ ਗਿਆ ਸੀ ਪਰ ਥਾਂ ਦੀ ਘਾਟ ਕਾਰਨ ਸੰਭਵ ਨਹੀਂ ਹੋਇਆ। ਬਰਨਾਲਾ ਅਤੇ ਧੂਰੀ ’ਚ ਵੀ ਜਗ੍ਹਾ ਵੇਖੀ ਪਰ ਮਾਲੇਰਕੋਟਲਾ ’ਚ ਦਫ਼ਤਰ ਲਈ ਥਾਂ ਮਿਲ ਗਈ। ਫਿਰ ਉਨ੍ਹਾਂ ਨੂੰ ਵਿਦੇਸ਼ ਮੰਤਰਾਲੇ ਦਾ ਪੱਤਰ ਮਿਲਿਆ ਹੈ, ਜਿਸ ਵਿਚ ਕਿਹਾ ਗਿਆ ਸੀ ਉਨ੍ਹਾਂ ਦੀ ਮੰਗ ਪੂਰੀ ਹੋ ਗਈ ਹੈ। ਸ੍ਰੀ ਮਾਨ ਨੇ ਕਿਹਾ ਕਿ ਉਹ 16 ਫਰਵਰੀ ਨੂੰ ਖੇਤਰੀ ਪਾਸਪੋਰਟ ਦਫ਼ਤਰ ਦੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹੈਰਾਨ ਹਨ ਕਿ ਰਜ਼ੀਆ ਸੁਲਤਾਨਾ ਪਾਸਪੋਰਟ ਦਫ਼ਤਰ ਦਾ ਉਦਘਾਟਨ ਕਰਨ ਦੇ ਬੈਨਰ ਤੇ ਪੋਸਟਰ ਆਦਿ ਲਗਵਾ ਰਹੇ ਹਨ, ਜੋ ਕਿ ਘਟੀਆ ਰਾਜਨੀਤੀ ਹੈ। ਉਨ੍ਹਾਂ ਕਿਹਾ ਕਿ ਮੈਡਮ ਰਜ਼ੀਆ ਤਾਂ ਸ਼ਾਇਦ ਕਦੇ ਵਿਦੇਸ਼ ਮੰਤਰੀ ਨੂੰ ਮਿਲੇ ਵੀ ਨਹੀਂ ਹੋਣੇ। ਉਧਰ ਇਸ ਸਬੰਧ ਵਿੱਚ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦਾ ਪੱਖ ਜਾਣਨ ਲਈ ਕਈ ਵਾਰ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਭਵ ਨਹੀਂ ਹੋ ਸਕਿਆ।

You must be logged in to post a comment Login