ਪੁਲਿਸ ਮੁਲਾਜ਼ਮਾਂ ਨੇ ਕੀਤੀ ਦਸਤਾਰ ਦੀ ਬੇਅਦਬੀ

ਪੁਲਿਸ ਮੁਲਾਜ਼ਮਾਂ ਨੇ ਕੀਤੀ ਦਸਤਾਰ ਦੀ ਬੇਅਦਬੀ

ਵੈਨਕੁਵਰ : ਬ੍ਰਿਟਿਸ਼ ਕੋਲੰਬੀਆ ਵਿਚ ਇਕ ਸਿੱਖ ਨੇ ਆਰਸੀਐਮਪੀ ਵਿਰੁਧ ਮੁਕੱਦਮਾ ਦਰਜ ਕਰਵਾਇਆ ਹੈ ਕਿ ਇਕ ਪੁਲਿਸ ਅਧਿਕਾਰੀ ਨੇ ਉਸ ਦੀ ਪੱਗ ਉਤਾਰ ਕੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਹੈ। ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਵਿਚ ਦਾਖ਼ਲ ਕੀਤੇ ਗਏ ਇਕ ਨੋਟਿਸ ਵਿਚ ਕੰਵਲਜੀਤ ਸਿੰਘ ਦਾ ਕਹਿਣਾ ਹੈ ਕਿ 30 ਜੂਨ 2017 ਦੀ ਦੁਪਹਿਰ ਨੂੰ ਉਹ ਜੇਲ ਦੇ ਬੁਕਿੰਗ ਖੇਤਰ ਵਿਚ ਸੀ। ਉਸ ਸਮੇਂ ਬੁਕਿੰਗ ਸੈਂਟਰ ਵਿਚ ਲਗਭਗ ਚਾਰ-ਪੰਜ ਪੁਲਿਸ ਅਧਿਕਾਰੀ ਸ਼ਾਮਲ ਸਨ ਅਤੇ ਉਹ ਇਕੱਲਾ ਕੈਦੀ ਸੀ। ਉਨ੍ਹਾਂ ਕਿਹਾ ਕਿ ਜਦੋਂ ਉਹ ਪੁਲਿਸ ਅਧਿਕਾਰੀਆਂ ਨਾਲ ਗੱਲ ਕਰ ਰਹੇ ਸਨ ਤਾਂ ਸਾਰਜੇਂਟ ਬ੍ਰਾਇਨ ਬਲੇਅਰ ਨਾਂ ਦਾ ਇਕ ਹੋਰ ਪੁਲਿਸ ਅਧਿਕਾਰੀ ਉਨ੍ਹਾਂ ਵਿਚ ਸ਼ਾਮਲ ਹੋ ਗਿਆ। ਬਾਅਦ ਵਿਚ ਉਸ ਨੇ ਕੰਵਲਜੀਤ ਸਿੰਘ ਦੀ ਪੱਗ ਉਤਾਰ ਦਿਤੀ ਅਤੇ ਉਸ ਦੀ ਪੱਗ ਨੂੰ ਬੁਕਿੰਗ ਡੇਸਕ ‘ਤੇ ਰੱਖ ਦਿਤਾ। ਉਸ ਤੋਂ ਬਾਅਦ ਚਾਰ ਅਧਿਕਾਰੀਆਂ ਨੇ ਬਲੇਅਰ ਨਾਲ ਮਿਲ ਕੇ ਪੁਲਿਸ ਹਿਰਾਸਤ ਵਿਚ ਕੈਦੀ ਕੰਵਲਜੀਤ ਸਿੰਘ ਦੀ ਬਾਂਹ ਮਰੋੜੀ ਅਤੇ ਉਸ ਨੂੰ ਹਵਾਲਾਤ ਵਿਚ ਲੈ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਕੇਸਾਂ ਦੀ ਬੇਅਦਬੀ ਕੀਤੀ। ਕੰਵਲਜੀਤ ਨੇ ਕਿਹਾ ਕਿ ਉਹ ਇਕ ਸਿੱਖ ਹੈ ਜੋ ਅਪਣੇ ਧਾਰਮਕ ਚਿੰਨ੍ਹ ਵਜੋਂ ਪੱਗ ਬੰਨਦੇ ਹਨ। ਉਨ੍ਹਾਂ ਕਿਹਾ ਕਿ ਪੱਗ ਸਿਰਫ਼ ਉਨ੍ਹਾਂ ਦਾ ਧਾਰਮਕ ਚਿੰਨ੍ਹ ਹੀ ਨਹੀਂ ਬਲਕਿ ਉਨ੍ਹਾਂ ਦੀ ਪਛਾਣ ਹੈ। ਬ੍ਰਾਇਨ ਬਲੇਅਰ ਅਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਕੰਵਲਜੀਤ ਸਿੰਘ ਦੇ ਵਕੀਲ ਡੇਵਿਡ ਹਨੀਮੈਨ ਨੇ ਕਿਹਾ ਕਿ ਕਿਸੇ ਵੀ ਕੈਦੀ ਨਾਲ ਇਸ ਤਰ੍ਹਾਂ ਦਾ ਵਤੀਰਾ ਕਰਨਾ ਇਤਰਾਜ਼ਯੋਗ ਹੈ। ਕੰਵਲਜੀਤ ਸਿੰਘ ਇਕ ਸੋਫ਼ਟਵੇਅਰ ਪ੍ਰੋਗਰਾਮਰ ਹਨ, ਜੋ ਮੌਜੂਦਾ ਸਮੇਂ ਵਿਚ ਐਬੋਟਸਫੋਰਡ ਵਿਖੇ ਰਹਿ ਰਹੇ ਹਨ। ਕੋਰਟ ਵਿਚ ਕਿਹਾ ਗਿਆ ਕਿ ਕੰਵਲਜੀਤ ਦੇ ਮੂਲ ਅਧਿਕਾਰਾਂ ਦੀ ਉਲੰਘਣਾ ਹੋਈ ਹੈ। ਮੁਕੱਦਮੇ ਵਿਚ ਇਹ ਵੀ ਕਿਹਾ ਗਿਆ ਕਿ ਉਸ ਨਾਲ ਧਰਮ ਅਤੇ ਨਸਲ ਦੇ ਅਧਾਰ ‘ਤੇ ਵਿਤਕਰਾ ਕੀਤਾ ਗਿਆ।

You must be logged in to post a comment Login