ਪੁਲੀਸ ਵੱਲੋਂ ਅੰਤਰਰਾਜੀ ਲੁਟੇਰਾ ਗਰੋਹ ਦਾ ਪਰਦਾਫਾਸ਼, 3 ਕਾਬੂ

ਪੁਲੀਸ ਵੱਲੋਂ ਅੰਤਰਰਾਜੀ ਲੁਟੇਰਾ ਗਰੋਹ ਦਾ ਪਰਦਾਫਾਸ਼, 3 ਕਾਬੂ

ਡੱਬਵਾਲੀ, 20 ਨਵੰਬਰ- ਜ਼ਿਲ੍ਹਾ ਪੁਲੀਸ ਡੱਬਵਾਲੀ ਨੇ ਪੰਜਾਬ ਰੋਡਵੇਜ਼ ਦੇ ਕੰਡਕਟਰ ਤੋਂ ਲੁੱਟ-ਖੋਹ ਦੇ ਮਾਮਲੇ ਵਿੱਚ ਅੰਤਰਾਜੀ ਲੁਟੇਰਾ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਸੀਆਈਏ ਡੱਬਵਾਲੀ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਨੌਜਵਾਨਾਂ ਨੂੰ ਬਲੇਨੋ ਗੱਡੀ ਸਮੇਤ ਕਾਬੂ ਕੀਤਾ ਹੈ। ਇਸ ਗਰੋਹ ‘ਤੇ ਬੜਾਗੁਢਾ ਦੇ ਨੇੜੇ ਪਿੰਡ ਲੱਕੜਾਂਵਾਲੀ ਵਿੱਚ ਬੈਂਕ ਮੈਨੇਜਰ ਨੂੰ ਅਗਵਾ ਕਰ ਕੇ ਪੰਜ ਲੱਖ ਰੁਪਏ ਫਿਰੌਤੀ ਮੰਗਣ ਅਤੇ ਲੁੱਟ-ਖਸੁੱਟ ਦੀਆਂ 15 ਹੋਰ ਵਾਰਦਾਤਾਂ ਦੇ ਦੋਸ਼ ਹਨ ਅਤੇ ਵੱਖ-ਵੱਖ ਮੁਕੱਦਮੇ ਵੀ ਦਰਜ ਹਨ। ਕੁੱਝ ਦਿਨ ਪਹਿਲਾਂ ਅਬੂਬਸ਼ਹਿਰ ਦੇ ਕੋਲ ਲੁੱਟ-ਖੋਹ ਦੀ ਵਾਰਦਾਤ ਨੂੰ ਵੀ ਇਸੇ ਗਰੋਹ ਨੇ ਅੰਜਾਮ ਦਿੱਤਾ ਸੀ। ਖੇਤਰ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਦੇ ਮੱਦੇਨਜ਼ਰ ਸੀਆਈਏ ਸਟਾਫ ਡੱਬਵਾਲੀ ਸੁਰਾਗ਼ ਜੁਟਾਉਣ ਵਿੱਚ ਜੁਟੀ ਹੋਈ ਸੀ। ਮੁਲਜ਼ਮਾਂ ਦੀ ਦੀ ਸ਼ਨਾਖਤ ਸਾਹਿਲ ਉਰਫ ਪਟਰੋਲ, ਮੋਹਿਤ ਉਰਫ ਗੋਗਾ  ਅਤੇ ਹਰਸ਼ ਉਰਫ ਗਿਆਨੀ ਵਾਸੀ ਵਾਰਡ 6, ਸੁੰਦਰਨਗਰ ਡੱਬਵਾਲੀ ਵਜੋਂ ਹੋਈ ਹੈ। ਡੱਬਵਾਲੀ ਦੇ ਐਸਪੀ ਸਿਧਾਂਤ ਜੈਨ ਨੇ ਅੱਜ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਬਲੇਨੋ ਕਾਰ ‘ਤੇ ਸਵਾਰ ਅੰਤਰਰਾਜੀ ਲੁਟੇਰਾ ਗਰੋਹ ਦੇ ਮੈਬਰਾਂ ਨੇ ਬੀਤੀ 3 ਨਵੰਬਰ ਨੂੰ ਰਾਤ 8 ਵਜੇ ਪੰਜਾਬ ਰੋਡਵੇਜ਼ ਵਿੱਚ ਬਤੌਰ ਕੰਡਕਟਰ ਤਾਇਨਾਤ ਗੁਰਲਾਲ ਸਿੰਘ ਵਾਸੀ ਪਿੰਡ ਮਟਦਾਦੂ ਤੋਂ ਪਿੰਡ ਮਸੀਤਾਂ ਦੇ ਨੇੜੇ ਉਸਦਾ ਕੰਡਕਟਰ ਬੈਗ ਖੋਹ ਲਿਆ ਸੀ, ਜਿਸ ਵਿੱਚ ਟਿਕਟ ਮਸ਼ੀਨ, 15 ਹਜ਼ਾਰ ਰੁਪਏ ਅਤੇ ਟਿਕਟਾਂ ਤੇ ਮੋਬਾਈਲ ਫੋਨ ਸੀ। ਘਟਨਾ ਸਮੇਂ ਕੰਡਕਟਰ ਡਿਊਟੀ ਤੋਂ ਫਾਰਗ ਹੋ ਕੇ ਮੋਟਰਸਾਇਕਲ ‘ਤੇ ਆਪਣੇ ਪਿੰਡ ਵਾਪਸ ਜਾ ਰਿਹਾ ਸੀ। ਇਸ ਬਾਰੇ ਥਾਣਾ ਸਦਰ ਡੱਬਵਾਲੀ ਵਿਖੇ ਮੁਕੱਦਮਾ ਦਰਜ ਹੈ।

You must be logged in to post a comment Login