ਪ੍ਰਕਾਸ਼ ਪੁਰਬ ਮਨਾਉਣ ਲਈ 2000 ਤੋਂ ਵੱਧ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ

ਪ੍ਰਕਾਸ਼ ਪੁਰਬ ਮਨਾਉਣ ਲਈ 2000 ਤੋਂ ਵੱਧ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ

ਅੰਮ੍ਰਿਤਸਰ, 4 ਨਵੰਬਰ : ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਸਿੱਖ ਸ਼ਰਧਾਲੂਆਂ ਦਾ ਇੱਕ ਵੱਡਾ ਜੱਥਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਤੋਂ ਪਾਕਿਸਤਾਨ ਸਥਿਤ ਗੁਰੂਧਾਮਾਂ ਦੀ ਯਾਤਰਾ ਵਾਸਤੇ ਰਵਾਨਾ ਹੋਇਆ ਹੈ। ਇਸ ਜੱਥੇ ਨਾਲ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਗਏ ਹਨ। ਦੱਸ ਦੇਈਏ ਕਿ ਪਹਿਲਗਾਮ ਦਹਿਸ਼ਤੀ ਹਮਲੇ ਤੇ Operation Sindoor ਮਗਰੋਂ ਇਹ ਪਹਿਲਾ ਸਿੱਖ ਜਥਾ ਹੈ ਜਿਸ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 5 ਨਵੰਬਰ ਨੂੰ ਹੈ। ਇਸ ਸਾਲ ਕੇਂਦਰ ਸਰਕਾਰ ਨੇ ਸਿਰਫ਼ ਭਾਰਤੀ ਨਾਗਰਿਕਾਂ ਨੂੰ ਹੀ ਜਥੇ ਦਾ ਹਿੱਸਾ ਬਣਨ ਦੀ ਇਜਾਜ਼ਤ ਦਿੱਤੀ ਹੈ। ਇਸ ਤੋਂ ਪਹਿਲਾਂ, ਗੈਰ-ਨਿਵਾਸੀ ਭਾਰਤੀਆਂ (ਐਨਆਰਆਈ) ਨੂੰ ਵੀ ਯਾਤਰਾ ਵਿੱਚ ਸ਼ਾਮਲ ਹੋਣ ਦੀ ਖੁੱਲ੍ਹ ਸੀ।ਦੱਸਣ ਯੋਗ ਹੈ ਕਿ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਅਤੇ ਆਪਰੇਸ਼ਨ ਸਿੰਧੂਰ ਤੋਂ ਬਾਅਦ ਇਹ ਪਹਿਲਾ ਸਿੱਖ ਸ਼ਰਧਾਲੂਆਂ ਦਾ ਜੱਥਾ ਹੈ, ਜਿਸ ਨੂੰ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਜਾਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਹੁਣ ਤੱਕ ਅਟਾਰੀ-ਵਾਹਗਾ ਸਰਹੱਦ ਰਸਤੇ ਆਵਾਜਾਈ, ਵਪਾਰ ਅਤੇ ਹੋਰ ਗਤੀਵਿਧੀਆਂ ਬੰਦ ਸਨ।ਲਗਪਗ 2000 ਤੋਂ ਵੱਧ ਸਿੱਖ ਸ਼ਰਧਾਲੂਆਂ ਦਾ ਇਹ ਜੱਥਾ ਅਟਾਰੀ ਵਾਹਗਾ ਸਰਹੱਦ ਰਸਤੇ ਸੜਕ ਮਾਰਗ ਰਾਹੀਂ ਭਾਰਤ ਤੋਂ ਪਾਕਿਸਤਾਨ ਜਾਵੇਗਾ। ਸਿੱਖ ਸ਼ਰਧਾਲੂਆਂ ਦੇ ਜੱਥੇ ਨੂੰ ਰਵਾਨਾ ਕਰਨ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਦਫਤਰ ਕੰਪਲੈਕਸ ਵਿਖੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਮੈਂਬਰ ਫੁੱਮਣ ਸਿੰਘ, ਸਕੱਤਰ ਪ੍ਰਤਾਪ ਸਿੰਘ, ਬਲਵਿੰਦਰ ਸਿੰਘ ਕਾਹਲਵਾਂ ਨੇ ਜਥੇ ਦੇ ਲੀਡਰ ਅਤੇ ਹੋਰਨਾਂ ਨੂੰ ਸਿਰਪਾਓ ਦੇ ਕੇ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਕੀਤਾ।

You must be logged in to post a comment Login