ਮੁਹਾਲੀ, 24 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਾਅਦ ਦੁਪਹਿਰ ਨਿਊ ਚੰਡੀਗੜ੍ਹ (ਮੁੱਲਾਂਪੁਰ ਗਰੀਬਦਾਸ) ਵਿਖੇ ਭਾਰਤ ਸਰਕਾਰ ਦੇ ਪਰਮਾਣੂ ਊਰਜਾ ਵਿਭਾਗ ਦੀ ਸਹਾਇਤਾ ਪ੍ਰਾਪਤ ਅਤੇ 660 ਕਰੋੜ ਰੁਪਏ ਨਾਲ ਬਣਾਏ ਟਾਟਾ ਮੈਮੋਰੀਅਲ ਸੈਂਟਰ (ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ) ਦੇਸ਼ ਨੂੰ ਸਮਰਪਿਤ ਕੀਤਾ। ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਹਸਪਤਾਲ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਡਾਕਟਰਾਂ ਨਾਲ ਸਿੱਧੀ ਗੱਲਬਾਤ ਕੀਤੀ।ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕੁੱਝ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਸਮੇਤ ਹੋਰ ਉੱਘੀਆਂ ਸ਼ਖ਼ਸੀਅਤਾਂ ਮੌਜੂਦ ਸਨ। 30 ਦਸੰਬਰ 2013 ਨੂੰ ਤੱਤਕਾਲੀ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਇਸ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਨੀਂਹ ਪੱਥਰ ਰੱਖਿਆ ਸੀ। ਸ਼ਿਵਾਲਿਕ ਦੀਆਂ ਪਹਾੜੀਆਂ ਨੇੜੇ ਕਰੀਬ 9 ਸਾਲਾਂ ਵਿੱਚ ਬਣ ਕੇ ਤਿਆਰ ਹੋਇਆ ਹਸਪਤਾਲ ਤਕਰੀਬਨ 51 ਏਕੜ ਜ਼ਮੀਨ ਵਿੱਚ ਬਣਾਇਆ ਗਿਆ ਹੈ। ਪੰਜਾਬ ਵਿੱਚ ਕੈਂਸਰ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਚੰਡੀਗੜ੍ਹ ਨੇੜੇ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਬਣਾਉਣ ਦਾ ਫੈਸਲਾ ਲਿਆ ਸੀ। ਇਸ ਹਸਪਤਾਲ ਦੇ ਬਣਨ ਨਾਲ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਜਿੱਥੇ ਆਧੁਨਿਕ ਮੈਡੀਕਲ ਬੁਨਿਆਦੀ ਢਾਂਚੇ ਨੂੰ ਹੁਲਾਰਾ ਮਿਲੇਗਾ, ਉੱਥੇ ਟਰਾਈਸਿਟੀ ਸਮੇਤ ਪੰਜਾਬ ਅਤੇ ਗੁਆਂਢੀ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਕੈਂਸਰ ਕੇਅਰ ਅਤੇ ਇਲਾਜ ਦੀ ਸੁਵਿਧਾ ਮਿਲੇਗੀ। ਹਸਪਤਾਲ ਵਿੱਚ 300 ਬੈੱਡਾਂ ਦੀ ਵਿਵਸਥਾ ਕੀਤੀ ਗਈ ਹੈ। ਹਸਪਤਾਲ ਕੈਂਸਰ ਦੇ ਹਰ ਤਰ੍ਹਾਂ ਦੇ ਇਲਾਜ ਲਈ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਇੱਥੇ ਸਰਜਰੀ, ਰੇਡੀਓ-ਥੈਰੇਪੀ ਅਤੇ ਮੈਡੀਕਲ ਔਨਕੋਲੋਜੀ- ਕੀਮੋਥੈਰੇਪੀ, ਇਮਿਊਨੋਥੈਰੇਪੀ ਅਤੇ ਬੋਨ ਮੈਰੋ ਟਰਾਂਸਪਲਾਂਟ ਦੀ ਸੁਵਿਧਾ ਉਪਲਬੱਧ ਹੋਵੇਗੀ। ਸੰਗਰੂਰ ਵਿਚ 100 ਬਿਸਤਰਿਆਂ ਵਾਲਾ ਹਸਪਤਾਲ ਇਸ ਦੀ ‘ਸ਼ਾਖਾ’ ਦੇ ਰੂਪ ਵਿਚ ਕਾਰਜ ਕਰੇਗਾ। ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਨੂੰ ਉਤਾਰਨ ਲਈ ਸਮਾਗਮ ਨੇੜੇ ਦੋ ਹੈਲੀਪੈਡ ਬਣਾਏ ਗਏ ਸਨ। ਹਸਪਤਾਲ ਦਾ ਉਦਘਾਟਨ ਕਰਨ ਮਗਰੋਂ ਰੈਲੀ ਕਰਨ ਲਈ ਆਲੀਸ਼ਾਨ ਪੰਡਾਲ ਬਣਾਇਆ ਗਿਆ, ਜਿਥੇ ਮਹਿਮਾਨਾਂ ਅਤੇ ਦਰਸ਼ਕਾਂ ਦੀ ਹਰ ਸੁੱਖ ਸਹੂਲਤ ਦਾ ਖ਼ਾਸ ਖਿਆਲ ਰੱਖਿਆ ਗਿਆ। ਮੁੱਲਾਂਪੁਰ ਗਰੀਬਦਾਸ-ਮਾਜਰਾ 6 ਮਾਰਗੀ ਸੜਕ ਸਮੇਤ ਓਮੈਕਸ ਰਾਣੀਮਾਜਰਾ ਵੱਲ ਜਾਂਦੀ ਸੜਕ ਨੂੰ ਦੁਲਹਨ ਵਾਂਗ ਸਜਾਇਆ ਗਿਆ। ਸੜਕ ’ਤੇ ਮਿੱਟੀ ਦੇ ਢੇਰਾਂ ਨੂੰ ਟਰੈਕਟਰ-ਟਰਾਲੀਆਂ ਨਾਲ ਚੁੱਕਿਆ ਗਿਆ ਹੈ। ਬਿਜਲੀ ਦੇ ਖੰਭਿਆਂ ’ਤੇ ਖ਼ਰਾਬ ਲਾਈਟਾਂ ਠੀਕ ਕਰਨ ਅਤੇ ਸਫ਼ਾਈ ਅਤੇ ਰੰਗ ਰੋਗਨ ਨਾਲ ਚਮਕਾਇਆ ਗਿਆ।

You must be logged in to post a comment Login