ਪੰਚਾਇਤ ਚੋਣਾਂ: ਰੱਦ ਕਾਗਜ਼ਾਂ `ਤੇ ਮੁੜ ਸੁਣਵਾਈ ਨਹੀਂ ਚਾਹੁੰਦੀ ਪੰਜਾਬ ਸਰਕਾਰ

ਪੰਚਾਇਤ ਚੋਣਾਂ: ਰੱਦ ਕਾਗਜ਼ਾਂ `ਤੇ ਮੁੜ ਸੁਣਵਾਈ ਨਹੀਂ ਚਾਹੁੰਦੀ ਪੰਜਾਬ ਸਰਕਾਰ

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਉਂਦੀ 30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤ ਚੋਣਾਂ ਦੇ ਉਨ੍ਹਾਂ ਸੰਭਾਵੀ ਉਮੀਦਵਾਰਾਂ ਨੂੰ ਵੱਡੀ ਰਾਹਤ ਦਿੱਤੀ ਸੀ, ਜਿਨ੍ਹਾਂ ਦੇ ਕਾਗਜ਼ ਰੱਦ ਹੋ ਗਏ ਸਨ। ਪਰ ਪੰਜਾਬ ਸਰਕਾਰ ਨੇ ਹੁਣ ਇਸ ਫ਼ੈਸਲੇ `ਤੇ ਨਜ਼ਰਸਾਨੀ ਲਈ ਇੱਕ ਅਰਜ਼ੀ ਦਾਇਰ ਕੀਤੀ ਹੈ। ਇਸ `ਤੇ ਸੁਣਵਾਈ ਭਲਕੇ ਕੀਤੀ ਜਾਵੇਗੀ। ਇੰਝ ਹਾਲੇ ਇਹ ਭੇਤ ਹੀ ਹੈ ਕਿ ਰੱਦ ਕਾਗਜ਼ਾਂ ਵਾਲਿਆਂ ਦੀ ਕੋਈ ਸੁਣਵਾਈ ਹੋਵੇਗੀ ਜਾਂ ਨਹੀਂ ਕਿਉਂਕਿ ਸਰਕਾਰ ਅਜਿਹੇ ਉਮੀਦਵਾਰਾਂ ਦੀ ਸੁਣਵਾਈ ਕਰਨ ਦੇ ਰੌਂਅ `ਚ ਨਹੀਂ ਜਾਪਦੀ, ਇਸੇ ਲਈ ਇਹ ਨਜ਼ਰਸਾਨੀ ਪਟੀਸ਼ਨ ਦਾਖਲ ਕੀਤੀ ਗਈ ਹੈ। ਸਰਕਾਰੀ ਵਕੀਲ ਨੇ ਅਦਾਲਤ `ਚ ਕਿਹਾ ਕਿ ਚੋਣਾਂ `ਚ ਬਹੁਤ ਘੱਟ ਸਮਾਂ ਰਹਿ ਗਿਆ ਹੈ, ਇਸ ਸਬੰਧੀ ਸਾਰੀਆਂ ਲਿਸਟਾਂ ਵੀ ਤਿਆਰ ਕੀਤੀਆਂ ਜਾ ਚੁੱਕੀਆਂ ਹਨ। ਵਕੀਲ ਨੇ ਅਦਾਲਤ `ਚ ਕਿਹਾ ਕਿ ਬਹੁਤ ਥੋੜ੍ਹੇ ਸਮੇਂ `ਚ ਇਹ ਸਭ ਸੰਭਵ ਨਹੀਂ ਹੈ। ਸਰਕਾਰ ਵੱਲੋਂ ਅਦਾਲਤ ਨੂੰ ਅਪੀਲ ਕੀਤੀ ਗਈ ਕਿ ਹਾਈਕੋਰਟ ਵੱਲੋਂ ਸੁਣਾਏ ਗਏ ਫੈਸਲੇ `ਤੇ ਦੁਬਾਰਾ ਤੋਂ ਸਮੀਖਿਆ ਕੀਤਾ ਜਾਵੇ। ਜਿ਼ਕਰਯੋਗ ਹੈ ਕਿ ਅਦਾਲਤ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤਾ ਸੀ ਕਿ ਉਹ 48 ਘੰਟਿਆਂ ਦੇ ਅੰਦਰ ਸੁਣਵਾਈ ਕਰਕੇ ਹੁਕਮ ਪਾਸ ਕਰਨਗੇ। ਅਦਾਲਤ ਦੇ ਫੈਸਲੇ ਆਉਣ ਤੋਂ ਬਾਅਦ ਪੰਜਾਬ ਚੋਣ ਕਮਿਸ਼ਨ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਸਨ।

You must be logged in to post a comment Login