ਪੰਜਾਬੀ ਅਦਾਕਾਰ ਤੇ ਫਿਲਮਸਾਜ਼ ਮੰਗਲ ਢਿੱਲੋਂ ਦਾ ਦੇਹਾਂਤ

ਪੰਜਾਬੀ ਅਦਾਕਾਰ ਤੇ ਫਿਲਮਸਾਜ਼ ਮੰਗਲ ਢਿੱਲੋਂ ਦਾ ਦੇਹਾਂਤ

ਚੰਡੀਗੜ੍ਹ, 11 ਜੂਨ- ਪੰਜਾਬੀ ਅਦਾਕਾਰ, ਫ਼ਿਲਮਸਾਜ਼ ਤੇ ਨਿਰਮਾਤਾ ਮੰਗਲ ਢਿੱਲੋਂ ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਲੁਧਿਆਣਾ ਦੇ ਹਸਪਤਾਲ ਵਿੱਚ ਆਖਰੀ ਸਾਹ ਲਏ। ਉਹ 64 ਸਾਲਾਂ ਦੇ ਸਨ। ਮੰਗਲ ਢਿੱਲੋਂ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦੂਰਦਰਸ਼ਨ ਤੇ ਰੇਡੀਓ ’ਤੇ ਕਈ ਨਾਟਕ ਖੇਡੇ ਤੇ ਉਨ੍ਹਾਂ ਨਵੀਂ ਦਿੱਲੀ ਤੇ ਮੁੰਬਈ ਵਿੱਚ ਕੁਝ ਕਮਰਸ਼ਲ ਵੁਆਇਸ-ਓਵਰ ਵੀ ਕੀਤੇ। ਸਾਲ 1987 ਵਿੱਚ ਉਨ੍ਹਾਂ ਨੂੰ ਰਮੇਸ਼ ਸਿੱਪੀ ਦੇ ਟੀਵੀ ਲੜੀਵਾਰ ‘ਬੁਨਿਆਦ’ ਵਿੱਚ ਲੁਭਾਇਆ ਰਾਮ ਦਾ ਕਿਰਦਾਰ ਮਿਲਿਆ, ਜਿਸ ਨੇ ਮੁੰਬਈ ਫ਼ਿਲਮ ਤੇ ਟੈਲੀਵਿਜ਼ਨ ਸਨਅਤ ਵਿੱਚ ਉਨ੍ਹਾਂ ਦੀ ਨੀਂਹ ਰੱਖੀ। ‘ਬੁਨਿਆਦ’ ਮਗਰੋਂ ਉਨ੍ਹਾਂ 25-30 ਹਿੰਦੀ ਫ਼ਿਲਮਾਂ ਤੇ ਟੀਵੀ ਲੜੀਵਾਰਾਂ ਵਿੱਚ ਕੰਮ ਕੀਤਾ, ਜਿਨ੍ਹਾਂ ਵਿਚ ‘ਯੁਗਾਂਧਰ’, ‘ਲਕਸ਼ਣ ਰੇਖਾ’, ‘ਨਿਸ਼ਾਨਾ’, ‘ਵਿਸ਼ਵਾਤਮਾ’, ‘ਖ਼ੂਨ ਭਰੀ ਮਾਂਗ’ ਤੇ ‘ਆਜ਼ਾਦ ਦੇਸ਼ ਕੇ ਗ਼ੁਲਾਮ’ ਤੋਂ ਇਲਾਵਾ ‘ਜਨੂੰਨ’ ਤੇ ‘ਪੈਂਥਰ’ ਜਿਹੇ ਲੜੀਵਾਰ ਵੀ ਸ਼ਾਮਲ ਹਨ।

You must be logged in to post a comment Login