ਪੰਜਾਬੀ ਯੂਨੀਵਰਸਿਟੀ ’ਚ ਵਿਦਿਆਰਥੀ ਦੇ ਕਤਲ ਸਬੰਧੀ 4 ਕਾਬੂ

ਪੰਜਾਬੀ ਯੂਨੀਵਰਸਿਟੀ ’ਚ ਵਿਦਿਆਰਥੀ ਦੇ ਕਤਲ ਸਬੰਧੀ 4 ਕਾਬੂ

ਪਟਿਆਲਾ, 1 ਮਾਰਚ- ਇਥੇ ਪੰਜਾਬੀ ਯੂਨੀਵਰਸਿਟੀ ਕੈਂਪਸ ’ਚ ਇੰਜਨੀਅਰਿੰਗ ਦੇ ਵਿਦਿਆਰਥੀ ਨਵਜੋਤ ਸਿੰਘ ਦੇ ਕਤਲ ਸਬੰਧੀ ਪੁਲੀਸ ਨੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਵਰੁਣ ਸ਼ਰਮਾ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਕਤਲ ਦਾ ਕਾਰਨ ਕਿਰਾਏ ਦੀ ਕੋਠੀ ਦੇ ਬਿਜਲੀ ਦੇ ਬਿੱਲ ਕਾਰਨ ਕੀਤਾ ਗਿਆ। ਪੁਲੀਸ ਨੇ ਮਨਦੀਪ ਸਿੰਘ ਜੁਗਨੂੰ ਵਾਸੀ ਪਿੰਡ ਸਾਹਿਬ ਨਗਰ ਪਟਿਆਲਾ, ਮੋਹਿਤ ਕੰਬੋਜ ਵਾਸੀ ਚੱਕ ਪੁੰਨਾਵਾਲੀ ਜ਼ਿਲ੍ਹਾ ਫਾਜ਼ਿਲਕਾ, ਸੰਨਜੋਤ ਸਿੰਘ ਵਾਸੀ ਪਿੰਡ ਠੇਠਰ ਕਲਾਂ ਜ਼ਿਲ੍ਹਾ ਫਿਰੋਜ਼ਪੁਰ, ਹਰਵਿੰਦਰ ਸਿੰਘ ਵਾਸੀ ਪਿੰਡ ਮੋਰਵਾਲੀ ਜ਼ਿਲ੍ਹਾ ਫਰੀਦਕੋਟ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੋਹਿਤ ਕੰਬੋਜ ਆਪਣੇ 4 ਸਾਥੀਆਂ ਨਾਲ ਮਿਲ ਕੇ ਪੰਜਾਬੀ ਯੂਨੀਵਰਸਿਟੀ ਦੇ ਬਾਹਰ ਕੋਠੀ ਕਿਰਾਏ ’ਤੇ ਲ਼ੈ ਕੇ ਰਹਿੰਦਾ ਸੀ। ਇਸ ਦੇ ਬਿਜਲੀ ਬਿੱਲ ਕਾਰਨ 26 ਫਰਵਰੀ ਨੂੰ ਯੂਨੀਵਰਸਿਟੀ ਦੇ ਮੇਨ ਗੇਟ ਬਾਹਰ ਇਨ੍ਹਾਂ ਵਿਚਾਲੇ ਮਾਮੂਲੀ ਝਗੜਾ ਹੋਇਆ ਸੀ। ਕਿਸੇ ਵੀ ਧਿਰ ਨੇ ਕੋਈ ਸ਼ਿਕਾਇਤ ਨਹੀ ਸੀ ਦਿੱਤੀ। ਕੋਠੀ ਦੇ ਬਿਜਲੀ ਬਿੱਲ ਨੂੰ ਲੈ ਕੇ ਹੀ 27 ਫਰਵਰੀ ਨੂੰ ਮੋਹਿਤ ਕੰਬੋਜ ਨੇ ਆਪਣੇ ਬਾਕੀ ਸਾਥੀਆਂ ਨਾਲ ਮਿਲ ਨਵਜੋਤ ਸਿੰਘ ਤੇ ਹੋਰਾਂ ਉਪਰ ਯੂਨੀਵਰਸਿਟੀ ਅੰਦਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਨਵਜੋਤ ਦੀ ਮੌਤ ਹੋ ਗਈ।

You must be logged in to post a comment Login