ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ’ਚ ਭਰਵਾਂ ਮੀਂਹ

ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ’ਚ ਭਰਵਾਂ ਮੀਂਹ

ਚੰਡੀਗੜ੍ਹ, 21 ਜੁਲਾਈ- ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿੱਚ ਪੈ ਰਹੇ ਭਾਰੀ ਮੀਂਹ ਨੇ ਲੋਕਾਂ ਨੂੰ ਅਤਿ ਦਾ ਗਰਮੀ ਤੋਂ ਰਾਹਤ ਦਵਾ ਦਿੱਤੀ ਹੈ। ਕਈ ਇਲਾਕਿਆਂ ਵਿੱਚ ਖੇਤ ਪਾਣੀ ਨਾਲ ਨੱਕੋ-ਨੱਕ ਭਰ ਗਏ। ਦੂਜੇ ਪਾਸੇ ਰਾਤ ਭਰ ਭਾਰੀ ਮੀਂਹ ਪੈਣ ਕਰਕੇ ਪੰਜਾਬ ਦੇ ਕਈ ਸ਼ਹਿਰ ਵੀ ਪਾਣੀ ਵਿੱਚ ਡੁੱਬ ਗਏ ਹਨ, ਜਿਸ ਕਾਰਨ ਵੀ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਦੀ ਮੰਗ ਘਟਣ ਕਰਕੇ ਬਿਜਲੀ ਵਿਭਾਗ ਨੇ ਵੀ ਸੁੱਖ ਦਾ ਸਾਹ ਲਿਆ ਹੈ। ਸਾਰੀ ਰਾਤ ਮੀਂਹ ਪੈਣ ਕਰਕੇ ਪੰਜਾਬ ਵਿੱਚ ਤਾਪਮਾਨ ਆਮ ਨਾਲੋਂ 2 ਤੋਂ 3 ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 22 ਅਤੇ 23 ਜੁਲਾਈ ਨੂੰ ਵੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਅਨੁਸਾਰ 24 ਘੰਟਿਆਂ ਵਿੱਚ ਲੁਧਿਆਣਾ ਵਿੱਚ 130.5 ਐੱਮਐੱਮ ਅਤੇ ਬਰਨਾਲਾ ਵਿੱਚ 129.5 ਐੱਮਐੱਮ ਮੀਂਹ ਪਿਆ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ’ਚ 67.2 ਐੱਮਐੱਮ, ਪਟਿਆਲਾ ’ਚ 33.9 ਐੱਮਐੱਮ, ਚੰਡੀਗੜ੍ਹ ਵਿੱਚ 20.1 ਐੱਮਐੱਮ, ਫਰੀਦਕੋਟ ’ਚ 21.8 ਐੱਮਐੱਮ, ਨਵਾਂ ਸ਼ਹਿਰ ’ਚ 39.7 ਐੱਮਐੱਮ, ਫਿਰੋਜ਼ਪੁਰ ’ਚ 71.5 ਐੱਮਐੱਮ, ਗੁਰਦਾਸਪੁਰ ’ਚ 37 ਐੱਮਐੱਮ, ਜਲੰਧਰ ’ਚ 89 ਐੱਮਐੱਮ, ਮੋਗਾ ’ਚ 91 ਐੱਮਐੱਮ, ਮੁਹਾਲੀ ’ਚ 60.5 ਐੱਮਐੱਮ ਅਤੇ ਰੋਪੜ ’ਚ 14.5 ਐੱਮਐੱਮ ਮੀਂਹ ਪਿਆ ਹੈ। ਦੂਜੇ ਪਾਸੇ ਹਰਿਆਣਾ ਦੇ ਭਿਵਾਨੀ ’ਚ 120.7 ਐੱਮਐੱਮ, ਰਿਵਾੜੀ ’ਚ 58 ਐੱਮਐੱਮ, ਹਿਸਾਰ ’ਚ 24.6 ਐੱਮਐੱਮ, ਅੰਬਾਲਾ ’ਚ 25.1 ਐੱਮਐੱਮ, ਕਰਨਾਲ ਵਿੱਚ 39.4 ਐੱਮਐੱਮ, ਰੋਹਤਕ ’ਚ 35.2 ਐੱਮਐੱਮ, ਫਤਿਆਬਾਦ ’ਚ 56 ਐੱਮਐੱਮ, ਕਰਨਾਲ ’ਚ 27.5 ਐੱਮਐੱਮ, ਕੁੂਰਕਸ਼ੇਤਰ ’ਚ 36.5 ਐੱਮਐੱਮ ਮੀਂਹ ਪਿਆ ਹੈ।

You must be logged in to post a comment Login