ਪੰਜਾਬ ’ਚ ਝੋਨੇ ਦੀ ਸਿੱਧੀ ਬਿਜਾਈ ਨੂੰ ਮੱਠਾ ਹੁੰਗਾਰਾ

ਪੰਜਾਬ ’ਚ ਝੋਨੇ ਦੀ ਸਿੱਧੀ ਬਿਜਾਈ ਨੂੰ ਮੱਠਾ ਹੁੰਗਾਰਾ

ਚੰਡੀਗੜ੍ਹ, 17 ਮਈ : ਪੰਜਾਬ ’ਚ ਐਤਕੀਂ ਝੋਨੇ ਦੀ ਸਿੱਧੀ ਬਿਜਾਈ ਨੂੰ ਕਿਸਾਨਾਂ ਨੇ ਮੱਠਾ ਹੁੰਗਾਰਾ ਦਿੱਤਾ ਹੈ। ਪੰਜਾਬ ਸਰਕਾਰ ਨੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਵਿੱਤੀ ਮਦਦ ਵੀ ਐਲਾਨੀ ਹੋਈ ਹੈ। ਵਿੱਤੀ ਮਦਦ ਦੇ ਬਾਵਜੂਦ ਕਿਸਾਨ ਪਹਿਲਾਂ ਦੀ ਤਰ੍ਹਾਂ ਸਿੱਧੀ ਬਿਜਾਈ ਵੱਲ ਰੁਚਿਤ ਨਹੀਂ ਹੋ ਰਹੇ ਹਨ। ਸੂਬੇ ਵਿੱਚ 15 ਮਈ ਤੋਂ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਹੋਈ ਹੈ ਅਤੇ ਹੁਣ ਤੱਕ ਸਿੱਧੀ ਬਿਜਾਈ ਹੇਠ 15 ਹਜ਼ਾਰ ਏਕੜ ਰਕਬਾ ਹੀ ਆਇਆ ਹੈ। ਹਾਲੇ ਤੱਕ ਪੰਜਾਬ ਦੇ 1400 ਕਿਸਾਨਾਂ ਨੇ ਸਿੱਧੀ ਬਿਜਾਈ ਕੀਤੀ ਹੈ। ਪੰਜਾਬ ਸਰਕਾਰ ਨੇ ਇਸ ਵਾਰ 5 ਲੱਖ ਏਕੜ ਰਕਬੇ ’ਚ ਝੋਨੇ ਦੀ ਸਿੱਧੀ ਬਿਜਾਈ ਦਾ ਟੀਚਾ ਰੱਖਿਆ ਹੈ ਪਰ ਹਾਲੇ ਤੱਕ ਸਿੱਧੀ ਬਿਜਾਈ ਨੇ ਰਫ਼ਤਾਰ ਨਹੀਂ ਫੜੀ ਹੈ। ਸੂਬਾ ਸਰਕਾਰ ਜ਼ਮੀਨੀ ਪਾਣੀ ਬਚਾਉਣ ਲਈ ਅਤੇ ਲੇਬਰ ਆਦਿ ਦੇ ਖ਼ਰਚਿਆਂ ’ਚ ਕਮੀ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਨਾਲ ਪਾਣੀ ਦੀ ਕਰੀਬ 15 ਤੋਂ 20 ਫ਼ੀਸਦੀ ਬੱਚਤ ਹੁੰਦੀ ਹੈ। ਪਿਛਲੇ ਸਾਲ 2.53 ਲੱਖ ਏਕੜ ਰਕਬੇ ਵਿੱਚ ਸਿੱਧੀ ਬਿਜਾਈ ਹੋਈ ਸੀ। ਕਈ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਬਿਜਲੀ ਅਤੇ ਲੇਬਰ ਦੀ ਕੋਈ ਕਮੀ ਨਹੀਂ ਹੈ ਜਿਸ ਕਰਕੇ ਕਿਸਾਨ ਸਿੱਧੀ ਬਿਜਾਈ ਦੀ ਥਾਂ ਰਵਾਇਤੀ ਤਰੀਕੇ ਨਾਲ ਹੀ ਝੋਨਾ ਲਾਉਣ ਨੂੰ ਤਰਜੀਹ ਦੇ ਰਹੇ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਸੂਬਾ ਸਰਕਾਰ ਨੇ ਸਾਲ 2022-23 ਵਿੱਚ ਝੋਨੇ ਦੀ ਸਿੱਧੀ ਬਿਜਾਈ ਤਹਿਤ ਵਿੱਤੀ ਮਦਦ ਦੀ ਸ਼ੁਰੂਆਤ ਕੀਤੀ ਸੀ। ਸਾਲ 2022-23 ਵਿੱਚ ਕਰੀਬ 35 ਹਜ਼ਾਰ ਕਿਸਾਨਾਂ ਜਦਕਿ ਸਾਲ 2023-24 ’ਚ ਕਰੀਬ 19 ਹਜ਼ਾਰ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦਿੱਤੀ ਸੀ। ਲੰਘੇ ਸਾਲ ਕਰੀਬ 24 ਹਜ਼ਾਰ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ। ਰਾਜ ਸਰਕਾਰ ਤਿੰਨ ਵਰ੍ਹਿਆਂ ਦੌਰਾਨ ਸਿੱਧੀ ਬਿਜਾਈ ਵਾਲੇ ਕਿਸਾਨਾਂ ਨੂੰ ਕਰੀਬ 55 ਕਰੋੜ ਰੁਪਏ ਦੀ ਵਿੱਤੀ ਮਦਦ ਦੇ ਚੁੱਕੀ ਹੈ।

ਪਿਛਲੇ ਵਰ੍ਹੇ ਸੂਬੇ ਵਿੱਚ 32.43 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਬਿਜਾਂਦ ਸੀ ਜਿਸ ’ਚੋਂ 6.80 ਲੱਖ ਹੈਕਟੇਅਰ ਬਾਸਮਤੀ ਹੇਠ ਸੀ। ਮਾਹਿਰ ਆਖਦੇ ਹਨ ਕਿ ਇਸ ਸਾਲ ਬਾਸਮਤੀ ਹੇਠ ਰਕਬਾ ਵਧ ਸਕਦਾ ਹੈ ਕਿਉਂਕਿ ਸਰਕਾਰ ਨੇ ਪੂਸਾ 44 ਤੇ ਹਾਈਬ੍ਰਿਡ ਕਿਸਮਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਦੂਸਰੇ ਪਾਸੇ ਨਰਮੇ ਹੇਠ ਰਕਬੇ ਵਿੱਚ ਥੋੜ੍ਹਾ ਵਾਧਾ ਹੋਇਆ ਹੈ। ਇਸ ਸਾਲ ਹੁਣ ਤੱਕ 1.09 ਲੱਖ ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਹੋ ਚੁੱਕੀ ਹੈ ਜਦਕਿ ਪਿਛਲੇ ਸਾਲ 99 ਹਜ਼ਾਰ ਹੈਕਟੇਅਰ ਰਕਬੇ ’ਚ ਹੀ ਨਰਮੇ ਦੀ ਬਿਜਾਂਦ ਸੀ। ਕਰੀਬ 10 ਹਜ਼ਾਰ ਹੈਕਟੇਅਰ ਰਕਬਾ ਵਧਿਆ ਹੈ।

You must be logged in to post a comment Login