ਪੰਜਾਬ ’ਚ ਪਾਬੰਦੀਸ਼ੁਦਾ 170 ਭਰਤੀ ਏਜੰਟ ਸਰਗਰਮ

ਨਵੀਂ ਦਿੱਲੀ, 19 ਜੂਨ- ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ਵਿੱਚ ਪਾਬੰਦੀਸ਼ੁਦਾ ਏਜੰਟਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਰਾਜ ਸਭਾ ਮੈਂਬਰ ਨੇ ਪੰਜਾਬ ਦੇ ਡੀਜੀਪੀ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਏਜੰਟਾ ’ਤੇ ਭਾਰਤ ਸਰਕਾਰ ਨੇ ਪਹਿਲਾਂ ਹੀ ਪਾਬੰਦੀ ਲਾਈ ਹੋਈ ਹੈ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਸ੍ਰੀ ਸਾਹਨੀ ਨੇ ਕਿਹਾ ਕਿ ਉਨ੍ਹਾਂ ਨੇ ਗ਼ੈਰਕਾਨੂੰਨੀ ਭਰਤੀ ਕਰਨ ਵਾਲੇ ਏਜੰਟਾਂ ਦੀ ਪੂਰੀ ਸੂਚੀ ਡਾਇਰੈਕਟਰ ਜਨਰਲ ਆਫ਼ ਪੁਲੀਸ ਗੌਰਵ ਯਾਦਵ ਨੂੰ ਭੇਜ ਦਿੱਤੀ ਹੈ। ਸੂਚੀ ਵਿੱਚ ਸਾਰੇ 170 ਪਾਬੰਦੀਸ਼ੁਦਾ ਭਰਤੀ ਏਜੰਟਾਂ ਦੀ ਜਾਣਕਾਰੀ ਸਣੇ ਸਬੰਧਤ ਪਤੇ ਅਤੇ ਫ਼ੋਨ ਨੰਬਰ ਵੀ ਸ਼ਾਮਲ ਕੀਤੇ ਗਏ ਹਨ। ਉਹ ਪੰਜਾਬ ਪੁਲੀਸ ਦੀ ਉਸ ਕਾਰਵਾਈ ਤੋਂ ਬਹੁਤ ਪ੍ਰਭਾਵਿਤ ਹਨ, ਜਿਸ ਹੇਠ ਸਪੈਸ਼ਲ ਟਾਸਕ ਫੋਰਸ ‘ਸਾਡੀ ਪਹਿਲਕਦਮੀ ਮਿਸ਼ਨ ਹੋਪ ਤਹਿਤ’ ਓਮਾਨ ਤੋਂ ਵਾਪਸ ਆਉਣ ਵਾਲੀਆਂ ਲੜਕੀਆਂ ਨਾਲ ਧੋਖਾਧੜੀ ਕਰਨ ਵਾਲੇ ਬੇਈਮਾਨ ਏਜੰਟਾਂ ਨੂੰ ਗ੍ਰਿਫਤਾਰ ਕਰ ਰਹੀ ਹੈ। ਸ੍ਰੀ ਸਾਹਨੀ ਨੇ ਖੁਲਾਸਾ ਕੀਤਾ ਹੈ ਕਿ ਵਿਦੇਸ਼ ਮੰਤਰਾਲੇ ਨੇ ਵੀ ਉਨ੍ਹਾਂ ਗੈਰਕਾਨੂੰਨੀ ਭਰਤੀ ਏਜੰਟਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ ਧੋਖਾਧੜੀ ਕਰਨ ਲਈ ਜ਼ਿੰਮਾਵਾਰ ਪਾਇਆ ਸੀ ਤੇ ਉਨ੍ਹਾਂ ’ਤੇ ਪਾਬੰਦੀ ਲਗਾ ਦਿੱਤੀ ਸੀ। ਸੂਚੀ ਵਿੱਚ ਪੰਜਾਬ ਦੇ 170 ਭਰਤੀ ਏਜੰਟ ਹਨ।

You must be logged in to post a comment Login