ਪੰਜਾਬ ’ਚ ਬਿਜਲੀ ਸੰਕਟ: ਰਾਜ ਵਿਚਲੇ ਥਰਮਲਾਂ ਦੇ 5 ਯੂਨਿਟ ਬੰਦ

ਪੰਜਾਬ ’ਚ ਬਿਜਲੀ ਸੰਕਟ: ਰਾਜ ਵਿਚਲੇ ਥਰਮਲਾਂ ਦੇ 5 ਯੂਨਿਟ ਬੰਦ

ਮਾਨਸਾ, 9 ਅਕਤੂਬਰ : ਕੋਲੇ ਦੀ ਘਾਟ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ। ਰਾਜ ਵਿਚਲੇ ਥਰਮਲਾਂ ਦੇ ਕੁੱਲ ਪੰਜ ਯੂਨਿਟ ਬੰਦ ਹੋ ਚੁੱਕੇ ਹਨ। ਜੇ ਹਾਲਾਤ ਨਾ ਸੁਧਰੇ ਤਾਂ ਆਉਂਦੇ ਦਿਨਾਂ ਵਿੱਚ ਹੋਰ ਯੂਨਿਟ ਬੰਦ ਹੋ ਜਾਣਗੇ। ਰਾਜ ਵਿੱਚ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਚੁੱਕੇ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿਖੇ ਲੱਗੇ ਉਤਰੀ ਭਾਰਤ ਦੇ ਪ੍ਰਾਈਵੇਟ ਭਾਈਵਾਲੀ ਤਹਿਤ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਦੇ ਦੋ ਯੂਨਿਟ ਬੰਦ ਹੋ ਹਨ ਪਰ ਪ੍ਰਬੰਧਕਾਂ ਅਨੁਸਾਰ ਇੱਕ ਯੂਨਿਟ ਬੰਦ ਹੈ। ਇਕ ਹੋਰ ਅਧਿਕਾਰੀ ਮੁਤਾਬਕ ਹਾਲੇ ਸਿਰਫ ਇਕ ਯੂਨਿਟ ਬੰਦ ਹੋਇਆ ਹੈ ਦੋ ਯੂਨਿਟ ਆਪਣੀ ਅੱਧੀ ਸਮਰਥਾ ਨਾਲ ਚੱਲ ਰਹੇ ਹਨ। ਲਹਿਰਾ ਮੁਹੱਬਤ ਦਾ ਵੀ ਇਕ ਯੂਨਿਟ ਬੰਦ ਹੋ ਗਿਆ ਹੈ। ਕੱਲ੍ਹ ਬਣਾਵਾਲਾਂ ਤਾਪਘਰ ਦੇ ਤਿੰਨੇ ਯੂਨਿਟ ਚਲਦੇ ਸਨ ਪਰ ਅੱਜ ਦੋ ਬੰਦ ਹੋਣ ਦੀ ਜਾਣਕਾਰੀ ਮਿਲੀ ਹੈ। ਤਾਪਘਰ ਦੇ ਪ੍ਰਬੰਧਕਾਂ ਅਨੁਸਾਰ ਯੂਨਿਟ ਨੰਬਰ 3 ਬੰਦ ਹੋ ਗਿਆ ਹੈ, ਜਿਸ ਦੀ ਬੰਦ ਹੋਣ ਦੀ ਜਾਂਚ ‌ਚੱਲ ਰਹੀ ਹੈ। ਇਸ ਤਾਪ ਘਰ ਦੇ ਤਿੰਨ ਯੂਨਿਟ ਹਨ ਅਤੇ ਇਨ੍ਹਾਂ ਦੀ ਕੁੱਲ ਸਮਰੱਥਾ 1980 ਮੈਗਾਵਾਟ ਦੱਸੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਹੋ ਚੁੱਕੇ ਹਨ।

You must be logged in to post a comment Login