ਸ੍ਰੀ ਆਨੰਦਪੁਰ ਸਾਹਿਬ, 4 ਅਪਰੈਲ- ਸੂਬੇ ਅੰਦਰ ਹਾਲ ਹੀ ਵਿਚ ਵਧਾਈ ਪੰਜਾਬ ਪੁਲੀਸ ਅਤੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਅਤੇ ਕੇਂਦਰ ਸਰਕਾਰਾਂ ’ਤੇ ਨਿਸ਼ਾਨਾ ਸਾਧਿਆ। ਸ੍ਰੀ ਧਾਮੀ ਨੇ ਕਿਹਾ ਕਿ ਦੋਵੇਂ ਸਰਕਾਰਾਂ ਸਾਂਝੇ ਪਰ ਲੁਕਵੇਂ ਏਜੰਡੇ ਤਹਿਤ ਸੂਬੇ ਦੇ ਲੋਕਾਂ ‘ਚ ਡਰ ਪੈਦਾ ਕਰਨਾ ਚਾਹੁੰਦੀਆਂ ਹਨ। ਕਿਸੇ ਸਮੇਂ ਕਾਂਗਰਸ ਵੀ ਇਸ ਰਾਹ ’ਤੇ ਚੱਲੀ ਸੀ ਤੇ ਫੇਲ੍ਹ ਹੋਣ ਤੋਂ ਬਾਅਦ ਟਿੱਕ ਕੇ ਬੈਠ ਗਈ ਪਰ ਹੁਣ ਮੌਜੂਦਾ ਪੰਜਾਬ ਅਤੇ ਕੇਂਦਰ ਸਰਕਾਰ ਵੀ ਇਸੇ ਨੀਤੀ ’ਤੇ ਚੱਲ ਰਹੀਆਂ ਹਨ। ਇਹ ਸਾਰਾ ਕੁਝ 2024 ਦੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾ ਗਿਣਤੀ ਵਿਚ ਗੁਰੂ ਘਰਾਂ ਦੇ ਬਾਹਰ ਫੋਰਸ ਲਾਉਣ ਨਾਲ ਲੋਕਾਂ ‘ਚ ਡਰ ਪੈਦਾ ਹੋਇਆ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵੱਲੋਂ ਸ਼੍ਰੋਮਣੀ ਕਮੇਟੀ ਦੀ ‘ਸਿੰਘ ਸਜੋ ਅੰਮ੍ਰਿਤ ਛਕੋ’ ਲਹਿਰ ਦੇ ਤਹਿਤ ਕੀਤੇ ਖਾਲਸਾਈ ਮਾਰਚ ਨੂੰ ਸ੍ਰੀ ਧਾਮੀ ਨੇ ਰਵਾਨਾ ਕੀਤਾ। ਇਸ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸਥਾਨਕ ਭਾਈ ਨੰਦ ਲਾਲ ਪਬਲਿਕ ਸਕੂਲ ਵਿਖੇ ਸ਼੍ਰੋਮਣੀ ਕਮੇਟੀ ਦੇ ਡਾਇਰੈਕਟਰੇਟ ਅਤੇ ਯੂਕੇ ਦੇ ਲਾਇਨਜ਼ ਕਲੱਬ ਨਾਲ ਸਾਂਝੇ ਰੂਪ ਵਿੱਚ ਲਗਾਏ ਜਾ ਰਹੇ ਵਿਦਿਆਰਥੀ ਕੈਂਪ ਦਾ ਉਦਘਾਟਨ ਕੀਤਾ।

You must be logged in to post a comment Login