ਪੰਜਾਬ ਦੀ ਕੁਸ਼ਪਿੰਦਰ ਕੌਰ ਆਸਟਰੇਲੀਆ ਵਿਚ ਕੌਂਸਲਰ ਬਣੀ

ਪੰਜਾਬ ਦੀ ਕੁਸ਼ਪਿੰਦਰ ਕੌਰ ਆਸਟਰੇਲੀਆ ਵਿਚ ਕੌਂਸਲਰ ਬਣੀ

ਸਿਡਨੀ : ਪੰਜਾਬ ਦੇ ਪਿੰਡ ਹੱਲੂਵਾਲ ਦੀ ਰਹਿਣ ਵਾਲੀ ਕੁਸ਼ਪਿੰਦਰ ਕੌਰ ਆਸਟਰੇਲੀਆ ਵਿਚ ਕੌਂਸਲਰ ਚੁਣੀ ਗਈ ਹੈ। ਕੁਸ਼ਪਿੰਦਰ ਕੌਰ ਨੇ ਆਸਟਰੇਲੀਆ ਦੇ ਕਿਸੇ ਵੀ ਸੰਵਿਧਾਨਕ ਅਹੁਦੇ ‘ਤੇ ਪਹੁੰਚਣ ਵਾਲੀ ਪਹਿਲੀ ਪੰਜਾਬਣ ਹੋਣ ਦਾ ਮਾਣ ਹਾਸਲ ਕੀਤਾ ਹੈ। ਇਹ ਚੋਣਾਂ 4 ਦਸੰਬਰ ਨੂੰ ਹੋਈਆਂ ਸਨ। ਕੁਸ਼ਪਿੰਦਰ ਕੌਰ ਦਾ ਸਬੰਧ ਦੁਆਬੇ ਦੇ ਮਾਹਿਲਪੁਰ ਖੇਤਰ ਦੇ ਨਿੱਕੇ ਜਿਹੇ ਪਿੰਡ ਹੱਲੂਵਾਲ ਨਾਲ ਹੈ। ਉਨ੍ਹਾਂ ਦੇ ਦਾਦਾ ਜੀ ਸੁਤੰਤਰਤਾ ਸੰਗਰਾਮੀ ਸ: ਬਿਸ਼ਨ ਸਿੰਘ ਜੀ ਗ਼ਦਰ ਲਹਿਰ ਦੇ ਯੋਧਿਆਂ ਵਿਚੋਂ ਇਕ ਸਨ। ਉਨ੍ਹਾਂ ਦੇ ਪਿਤਾ ਜੀ ਭਾਰਤੀ ਫ਼ੌਜ ਵਿਚੋਂ ਕਪਤਾਨ ਵਜੋਂ ਰਿਟਾਇਰ ਹੋਏ ਹਨ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਜ਼ੂਆਲੋਜੀ ਵਿਚ ਮਾਸਟਰ ਡਿਗਰੀ ਕਰਨ ਤੋਂ ਬਾਅਦ ਬਾਇਓਲੋਜੀ ਦੇ ਅਧਿਆਪਕ ਵਜੋਂ ਕਰੀਅਰ ਸ਼ੁਰੂ ਕੀਤਾ ਸੀ ਅਤੇ 1998 ਵਿਚ ਭਾਈ ਨੰਦ ਲਾਲ ਖ਼ਾਲਸਾ ਸਕੂਲ ਵਿਚ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ ਸੀ। 2003 ਤੋਂ ਉਨ੍ਹਾਂ ਬੜੂ ਸਾਹਿਬ ਅਕਾਲ ਅਕੈਡਮੀ ਦੇ ਵੱਖ-ਵੱਖ ਸਕੂਲਾਂ ਵਿਚ ਪ੍ਰਿੰਸੀਪਲ ਵਜੋਂ ਸੇਵਾ ਨਿਭਾਉਂਦਿਆਂ ਅਨੇਕਾਂ ਬੱਚਿਆਂ ਦਾ ਭਵਿੱਖ ਵਿਦਿਆ ਦੇ ਚਾਨਣ ਨਾਲ ਰੁਸ਼ਨਾਇਆ। ਉਨ੍ਹਾਂ ਦੀ ਪ੍ਰਬੰਧਕੀ ਕੁਸ਼ਲਤਾ ਨੂੰ ਵੇਖਦਿਆਂ ਬੜੂ ਸਾਹਿਬ ਅਕਾਲ ਅਕੈਡਮੀ ਨੇ ਉਨ੍ਹਾਂ ਨੂੰ ਸੰਤ ਅਤਰ ਸਿੰਘ ਜੀ ਦੇ ਜਨਮ ਸਥਾਨ ਚੀਮਾ ਸਾਹਿਬ ਦੇ ਸਕੂਲ਼ ਦੇ ਪ੍ਰਿੰਸੀਪਲ ਦੇ ਅਹੁਦੇ ਦੇ ਨਾਲ-ਨਾਲ ਨੇੜਲੀਆਂ 8 ਸ਼ਾਖ਼ਾਵਾਂ ਦਾ ਪ੍ਰਬੰਧਕੀ ਮੁਖੀ ਵੀ ਨਿਯੁਕਤ  ਕੀਤਾ ਸੀ।

You must be logged in to post a comment Login