ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ‘ਜ਼ੀਰੋ ਬਿੱਲ’ ਮਿਲਣਗੇ: ਮਾਨ

ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ‘ਜ਼ੀਰੋ ਬਿੱਲ’ ਮਿਲਣਗੇ: ਮਾਨ

ਚੰਡੀਗੜ੍ਹ, 2 ਜੁਲਾਈ- ‘ਆਪ’ ਸਰਕਾਰ ਨੇ ਪਹਿਲੀ ਜੁਲਾਈ ਤੋਂ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਮੁਫਤ ਬਿਜਲੀ ਦੇਣੀ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅੱਜ ਤੋਂ ਬਿਜਲੀ ਦੇ ‘ਜ਼ੀਰੋ ਬਿੱਲ’ ਮਿਲਣਗੇ। ਉਨ੍ਹਾਂ ਕਿਹਾ ਕਿ ‘ਆਪ’ ਨੇ ਆਪਣੀ ਪਹਿਲੀ ਗਾਰੰਟੀ ਨੂੰ ਅੱਜ ਅਮਲੀ ਜਾਮਾ ਪਹਿਨਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 31 ਦਸੰਬਰ 2021 ਤੋਂ ਪਹਿਲਾਂ ਦੇ ਸਾਰੇ ਬਿਜਲੀ ਬਿੱਲ ਮੁਆਫ ਕਰ ਦਿੱਤੇ ਗਏ ਹਨ, ਜਿਸ ਕਰਕੇ ਖਪਤਕਾਰਾਂ ਨੂੰ 31 ਦਸੰਬਰ ਤੋਂ ਪਹਿਲਾਂ ਦੇ ਕੋਈ ਬਕਾਏ ਨਹੀਂ ਤਾਰਨੇ ਪੈਣਗੇ। ਹਾਲਾਂਕਿ ਮੁਫ਼ਤ ਬਿਜਲੀ ਸਬੰਧੀ ਸਰਕਾਰ ਵੱਲੋਂ ਅਜੇ ਤੱਕ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਰਕੇ ਪਾਵਰਕੌਮ ਭੰਬਲਭੂਸੇ ਵਿੱਚ ਹੈ। ਮੁੱਖ ਮੰਤਰੀ ਨੇ ਇੱਕ ਵੀਡੀਓ ਵਿਚ ਕਿਹਾ ਕਿ ਪਾਵਰ ਸੈਕਟਰ ’ਚ ਹੁਣ ਬਿਜਲੀ ਦੀ ਕੋਈ ਕਮੀ ਨਹੀਂ ਹੈ ਅਤੇ ਕਿਧਰੋਂ ਵੀ ਬਿਜਲੀ ਦੀ ਕਮੀ ਬਾਰੇ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। ਕਿਸਾਨਾਂ ਨੂੰ ਖੇਤੀ ਲਈ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਬਜਟ ਸੈਸ਼ਨ ਵਿਚ ਸਰਕਾਰ ਨੇ ਪਹਿਲੀ ਜੁਲਾਈ ਤੋਂ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਫੈਸਲਾ ਕੀਤਾ ਹੈ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ’ਤੇ 1800 ਕਰੋੜ ਦਾ ਸਾਲਾਨਾ ਖਰਚ ਆਉਣ ਦੀ ਗੱਲ ਵੀ ਆਖੀ ਹੈ। ਉਧਰ ਪਾਵਰਕੌਮ ਭੰਬਲਭੂਸੇ ਵਿਚ ਹੈ ਕਿਉਂਕਿ ਪੰਜਾਬ ਸਰਕਾਰ ਨੇ ਇਸ ਬਾਬਤ ਕੋਈ ਨੋਟੀਫਿਕੇਸ਼ਨ ਜਾਰੀ ਹੀ ਨਹੀਂ ਕੀਤਾ ਹੈ। ਬੇਸ਼ੱਕ ‘ਆਪ’ ਸਰਕਾਰ ਪਹਿਲੀ ਜੁਲਾਈ ਤੋਂ ਹੀ 300 ਯੂਨਿਟ ਬਿਜਲੀ ਮੁਫਤ ਦੇਣ ਦਾ ਵਾਅਦਾ ਪੂਰਾ ਕਰੇਗੀ, ਪਰ ਇਸ ਨਾਲ ਪਾਵਰਕੌਮ ਦਾ ਝਮੇਲਾ ਜ਼ਰੂਰ ਵਧੇਗਾ। ਸਰਕਾਰੀ ਸੂਤਰ ਆਖਦੇ ਹਨ ਕਿ ਚਾਹੇ ਨੋਟੀਫਿਕੇਸ਼ਨ ਇੱਕ ਦੋ ਦਿਨਾਂ ਵਿਚ ਜਾਰੀ ਹੋ ਜਾਵੇਗਾ, ਪਰ ਖਪਤਕਾਰਾਂ ਨੂੰ 300 ਯੂਨਿਟ ਮੁਫਤ ਬਿਜਲੀ ਅੱਜ ਤੋਂ ਹੀ ਮਿਲਣੀ ਸ਼ੁਰੂ ਹੋ ਜਾਵੇਗੀ। ਸੂਤਰਾਂ ਮੁਤਾਬਕ ਪੰਜਾਬ ਦੇ ਅਹਿਮ ਅਫ਼ਸਰਸ਼ਾਹ ਅੜਿੱਕੇ ਪਾਉਣ ਲਈ ‘ਆਪ’ ਸਰਕਾਰ ਨੂੰ ਓਹਲੇ ਵਿਚ ਰੱਖ ਰਹੇ ਹਨ ਜਿਸ ਦੇ ਸਿੱਟੇ ਵਜੋਂ ਨੋਟੀਫਿਕੇਸ਼ਨ ਵੇਲੇ ਸਿਰ ਜਾਰੀ ਨਹੀਂ ਹੋ ਰਹੇ ਹਨ।

You must be logged in to post a comment Login