ਮਾਹਿਲਪੁਰ, 25 ਜੂਨ – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਰਕਾਰੀ ਹਾਈ ਅਤੇ ਸੈਕੰਡਰੀ ਸਕੂਲਾਂ ‘ਚ ਵਿਦਿਆਰਥੀਆਂ ਵੱਲੋਂ ਦਿੱਤੀ ਜਾਣ ਵਾਲੀ ਵਿਦਾਇਗੀ ਪਾਰਟੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਵੱਲੋਂ ਜਾਰੀ ਇਸ ਸਬੰਧੀ ਹਦਾਇਤੀ ਪੱਤਰ ਵਿਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਦੀ ਗਰੁੱਪ ਫ਼ੋਟੋ ਤਾਂ ਕਰਵਾਈ ਜਾ ਸਕਦੀ ਹੈ ਪਰੰਤੂ ਵਿਦਿਆਰਥੀਆਂ ਵਿਚ ਆ ਰਹੀ ਹੀਣ ਭਾਵਨਾ ਨੂੰ ਰੋਕਣ ਲਈ ਇਨ੍ਹਾਂ ਪਾਰਟੀਆਂ ‘ਤੇ ਰੋਕ ਲਗਾਉਣੀ ਜ਼ਰੂਰੀ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਰਕਾਰੀ ਸਕੂਲਾਂ ਦੇ ਮੁਖੀਆਂ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸੈਕੰਡਰੀ ਨੂੰ ਪੱਤਰ ਜਾਰੀ ਕਰਦੇ ਹਦਾਇਤ ਕੀਤੀ ਹੈ ਕਿ ਸਕੂਲਾਂ ਵਿਚ 9ਵੀਂ ਦੇ ਵਿਦਿਆਰਥੀਆਂ ਵੱਲੋਂ ਦਸਵੀਂ ਅਤੇ 11ਵੀਂ ਦੇ ਵਿਦਿਆਰਥੀਆਂ ਵੱਲੋਂ 12ਵੀਂ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਵਿਦਾਇਗੀ ਪਾਰਟੀ ਬੰਦ ਕਰ ਦਿੱਤੀ ਜਾਵੇ। ਪੱਤਰ ਵਿਚ ਦਲੀਲ ਦਿੱਤੀ ਗਈ ਹੈ ਕਿ ਸਕੂਲਾਂ ਵਿਚ ਦਿੱਤੀਆਂ ਜਾਣ ਵਾਲੀਆਂ ਇਨ੍ਹਾਂ ਪਾਰਟੀਆਂ ‘ਤੇ ਆਉਣ ਵਾਲੇ ਖ਼ਰਚ ਲਈ ਪੈਸੇ ਨੌਵੀਂ ਅਤੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਇਕਠੇ ਕੀਤੇ ਜਾਂਦੇ ਹਨ। ਸਰਕਾਰੀ ਸਕੂਲਾਂ ਵਿਚ ਜ਼ਿਆਦਾਤਰ ਗਰੀਬ ਮਾਪਿਆਂ ਦੇ ਬੱਚੇ ਪੜ੍ਹਦੇ ਹਨ ਜਿਸ ਨਾਲ ਉਨ੍ਹਾਂ ਉੱਪਰ ਵਾਧੂ ਬੋਝ ਪੈਂਦਾ ਹੈ। ਮਾਤਾ ਪਿਤਾ ਪੈਸੇ ਦੇਣ ਤੋਂ ਅਸਮਰਥ ਹੁੰਦੇ ਹਨ ਅਤੇ ਬੱਚਿਆਂ ਦੀ ਜ਼ਿੱਦ ਕਾਰਨ ਮਜਬੂਰੀ ਵੱਸ ਹੋ ਕੇ ਉਨ੍ਹਾਂ ਨੂੰ ਇਹ ਪੈਸੇ ਦੇਣੇ ਪੈਂਦੇ ਹਨ।

You must be logged in to post a comment Login