ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਪੰਜਾਬ ਨੂੰ ਹੜ੍ਹ, ਪ੍ਰਭਾਵਿਤ ਸੂਚੀ ‘ਚੋਂ ਬਾਹਰ ਰੱਖਣ ਦਾ ਸਖ਼ਤ ਵਿਰੋਧ ਕਰਦੇ ਹੋਏ ਕਿਹਾ ਕਿ ਅਕਾਲੀ ਦਲ (ਬਾਦਲ) ਦੀ ਭਾਈਵਾਲੀ ਭਾਜਪਾ ਸਰਕਾਰ ਨੇ ਇਕ ਵਾਰ ਫਿਰ ਪੰਜਾਬ ਵਿਰੋਧੀ ਸੋਚ ਦਿਖਾਈ ਹੈ। ਪਾਰਟੀ ਹੈੱਡਕੁਆਟਰ ਵਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਨਾਲ ਵਿਤਕਰਾ ਕਰਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਮਾਤ ਦੇ ਦਿੱਤੀ ਹੈ। ਚੀਮਾ ਨੇ ਕਿਹਾ ਕਿ ਭਾਜਪਾ ਨੇ ਇਸ ਤੋਂ ਪਹਿਲਾਂ ਪੰਜਾਬ ਨੂੰ ਪਹਾੜੀ ਰਾਜਾਂ ਦੀ ਤਰਜ਼ ‘ਤੇ ਵਿਸ਼ੇਸ਼ ਉਦਯੋਗਿਕ ਪੈਕੇਜ ਅਤੇ ਟੈਕਸ ਛੋਟਾਂ ਦੇ ਲਾਭ ਤੋਂ ਬਾਹਰ ਰੱਖ ਕੇ ਸੂਬੇ ਨਾਲ ਧ੍ਰੋਹ ਕਮਾਇਆ ਸੀ ਅਤੇ ਪੰਜਾਬ ਦੀ ਇੰਡਸਟਰੀ ਅਤੇ ਕਾਰੋਬਾਰ ਨੂੰ ਤਬਾਹ ਕਰ ਦਿੱਤਾ ਸੀ, ਉਦੋਂ ਸੁਖਬੀਰ ਸਿੰਘ ਬਾਦਲ ਨੇ ਆਪਣੀ ਉਦਯੋਗਿਕ ਰਾਜ ਮੰਤਰੀ ਦੀ ਕੁਰਸੀ ਲਈ ਸੂਬੇ ਨਾਲ ਗ਼ੱਦਾਰੀ ਕੀਤੀ ਸੀ। ਚੀਮਾ ਨੇ ਕਿਹਾ ਕਿ ਸੂਬੇ ਨਾਲ ਵਿਤਕਰਾ ਕਰਨ ‘ਚ ਕੇਂਦਰ ਦੀਆਂ ਕਾਂਗਰਸੀ ਅਤੇ ਅਕਾਲੀ-ਭਾਜਪਾ ਸਰਕਾਰਾਂ ਨੇ ਇਕ ਦੂਜੇ ਤੋਂ ਵਧ ਕੇ ਨਕਾਰਾਤਮਿਕ ਭੂਮਿਕਾ ਨਿਭਾਈ ਜਦਕਿ ਪੰਜਾਬ ਨੇ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਪੂਰੇ ਦੇਸ਼ ਦਾ ਢਿੱਡ ਭਰਨ ਲਈ ਆਪਣੀਆਂ ਜਾਨਾਂ ਅਤੇ ਸਾਰੇ ਵਸੀਲੇ ਕੁਰਬਾਨ ਕਰਨ ‘ਚ ਕੋਈ ਕਮੀ ਨਹੀਂ ਛੱਡੀ। ਪਰੰਤੂ ਕਾਂਗਰਸ ਵਾਂਗ ਭਾਜਪਾ ਦੀ ਪੰਜਾਬ ਦੀ ਦੁਸ਼ਮਣ ਸਾਬਤ ਹੋਈ ਹੈ। ਚੀਮਾ ਨੇ ਕਿਹਾ ਕਿ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਸੂਬੇ ਦੇ ਕਿਸਾਨਾਂ ਨੂੰ ਮਹਾਰਾਸ਼ਟਰ ਅਤੇ ਹੋਰ ਸੂਬਿਆਂ ਵਾਂਗ ਵਿਸ਼ੇਸ਼ ਵਿੱਤੀ ਅਤੇ ਕਰਜ਼ਾ ਮੁਆਫ਼ੀ ਪੈਕੇਜ ਤਾਂ ਕੀ ਦੇਣਾ ਸੀ, ਹੜ੍ਹਾਂ ਨਾਲ ਹੋਈ ਬਰਬਾਦੀ ਲਈ ਵੀ ਮੋਦੀ ਸਰਕਾਰ ਨੇ ਪੰਜਾਬ ਦੀ ਬਾਂਹ ਨਹੀਂ ਫੜੀ। ਚੀਮਾ ਨੇ ਕਿਹਾ ਕਿ ਇਸ ਘੋਰ ਬੇਇਨਸਾਫ਼ੀ ਲਈ ਪੰਜਾਬ ਦੇ ਲੋਕ ਭਾਜਪਾ ਅਤੇ ਬਾਦਲਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ।
You must be logged in to post a comment Login