ਪੰਜਾਬ ਬਜਟ ਇਜਲਾਸ ਹੰਗਾਮੇ ਨਾਲ ਸ਼ੁਰੂ

ਚੰਡੀਗੜ੍ਹ, 2 ਮਾਰਚ- ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਹੰਗਾਮੇ ਭਰੇ ਮਾਹੌਲ ’ਚ ਸ਼ੁਰੂ ਹੋ ਗਿਆ ਹੈ ਜੋ 15 ਮਾਰਚ ਤੱਕ ਚੱਲੇਗਾ। ਸਦਨ ’ਚ ਜਿਵੇਂ ਹੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਾਸ਼ਨ ਸ਼ੁਰੂ ਕੀਤਾ ਤਾਂ ਵਿਰੋਧੀ ਧਿਰ ਨੇ ਵਿਘਨ ਪਾਉਣਾ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੌਜੂਦਾ ਕਿਸਾਨੀ ਘੋਲ ਦੇ ਸੰਦਰਭ ਵਿਚ ਕਿਸਾਨੀ ਮੁੱਦਿਆਂ ’ਤੇ ਚਰਚਾ ਦੀ ਮੰਗ ਕੀਤੀ। ਇਸ ਦੌਰਾਨ ਕਾਂਗਰਸੀ ਵਿਧਾਇਕਾਂ ਨੇ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਕਿਸਾਨਾਂ ਨੂੰ ਰੋਕਣ ਵਾਸਤੇ ਹਰਿਆਣਾ ਵੱਲੋਂ ਹੱਦਾਂ ਸੀਲ ਕੀਤੇ ਜਾਣ ’ਤੇ ਇਤਰਾਜ਼ ਜਤਾਇਆ। ਵਿਰੋੋਧੀ ਧਿਰ ਦੇ ਵਿਧਾਇਕਾਂ ਨੇ ਸਦਨ ਵਿਚ ਤਖ਼ਤੀਆਂ ਦਿਖਾਈਆਂ ਅਤੇ ਰਾਜਪਾਲ ਨੂੰ ਕਿਸਾਨ ਮਸਲਿਆਂ ’ਤੇ ਬੋਲਣ ਲਈ ਕਿਹਾ। ਰਾਜਪਾਲ ਨੇ ਵਿਰੋਧੀ ਧਿਰ ਨੂੰ ਪਹਿਲਾਂ ਭਾਸ਼ਨ ਸੁਣਨ ਦੀ ਨਸੀਹਤ ਦਿੱਤੀ ਪਰ ਕਾਂਗਰਸੀ ਵਿਧਾਇਕ ਬਿਨਾਂ ਰੁਕੇ ਨਾਅਰੇਬਾਜ਼ੀ ਕਰਦੇ ਰਹੇ। ਰਾਜਪਾਲ ਨੇ ਉਨ੍ਹਾਂ ਨੂੰ ਸੀਟਾਂ ’ਤੇ ਬੈਠਣ ਦੀ ਤਾਕੀਦ ਕੀਤੀ ਅਤੇ ਵਿਰੋਧੀ ਧਿਰ ਦੇ ਵਿਵਹਾਰ ’ਤੇ ਇਤਰਾਜ਼ ਕੀਤਾ। ਸਪੀਕਰ ਦੇ ਆਸਣ ਅੱਗੇ ਜਦੋਂ ਵਿਰੋਧੀ ਧਿਰ ਨੇ ਰੌਲਾ-ਰੱਪਾ ਜਾਰੀ ਰੱਖਿਆ ਤਾਂ ਰਾਜਪਾਲ ਨੇ ਪਹਿਲਾ ਅਤੇ ਆਖਰੀ ਪੈਰ੍ਹਾ ਪੜ੍ਹ ਕੇ 11 ਮਿੰਟਾਂ ’ਚ ਹੀ ਭਾਸ਼ਨ ਸਮੇਟ ਦਿੱਤਾ। ਪੰਜਾਬ ਸਰਕਾਰ ਵੱਲੋਂ ਪ੍ਰਵਾਨਿਤ ਭਾਸ਼ਨ ਅੱਜ ਰਾਜਪਾਲ ਸਦਨ ਵਿਚ ਮੁਕੰਮਲ ਰੂਪ ਵਿਚ ਪੜ੍ਹ ਨਾ ਸਕੇ। ਮੁੱਖ ਮੰਤਰੀ ਭਗਵੰਤ ਮਾਨ ਦੀ ਸਦਨ ਵਿਚ ਹਾਜ਼ਰੀ ਦੌਰਾਨ ਵਿਰੋਧੀ ਧਿਰ ਨੇ ਕਿਸਾਨੀ ਘੋਲ ਦੌਰਾਨ ਜਿਥੇ ਕੇਂਦਰ ਅਤੇ ਹਰਿਆਣਾ ਦੀ ਭਾਜਪਾ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ, ਉਥੇ ਪੰਜਾਬ ਸਰਕਾਰ ਨੂੰ ਵੀ ਘੇਰਿਆ। ਰਾਜਪਾਲ ਦੇ ਭਾਸ਼ਨ ਮਗਰੋਂ ਜਿਵੇਂ ਹੀ ਰਾਸ਼ਟਰੀ ਗਾਣ ਸ਼ੁੁਰੂ ਹੋਇਆ ਤਾਂ ਵਿਰੋਧੀ ਧਿਰ ਸ਼ਾਂਤ ਹੋ ਗਈ। ਰਾਸ਼ਟਰੀ ਗਾਣ ਦੇ ਖਤਮ ਹੋਣ ਮਗਰੋਂ ਨਾਅਰੇਬਾਜ਼ੀ ਮੁੜ ਸ਼ੁਰੂ ਹੋ ਗਈ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਧਾਇਕਾਂ ਤੋਂ ਇਲਾਵਾ ਬਸਪਾ ਦੇ ਵਿਧਾਇਕ ਸਮੇਤ ਸੰਦੀਪ ਜਾਖੜ ਨੇ ਸਦਨ ਵਿਚ ਕਾਂਗਰਸ ਦਾ ਸਾਥ ਦੇਣ ਦੀ ਥਾਂ ਰਾਜਪਾਲ ਦਾ ਭਾਸ਼ਨ ਸੁਣਨ ਨੂੰ ਤਰਜੀਹ ਦਿੱਤੀ। ਬਜਟ ਸੈਸ਼ਨ ਦੀ ਸ਼ੁਰੂਆਤ ’ਚ ਹੀ ਅਸਿੱਧੇ ਤੌਰ ’ਤੇ ਅਗਾਮੀ ਲੋਕ ਸਭਾ ਚੋਣਾਂ ਦਾ ਪਰਛਾਵਾਂ ਦੇਖਣ ਨੂੰ ਮਿਲਿਆ। ਇਸੇ ਕਾਰਨ ਵਿਰੋਧੀ ਧਿਰ ਨੇ ਕੋਈ ਮੌਕਾ ਖੁੰਝਣ ਨਹੀਂ ਦਿੱਤਾ। ਰਾਜਪਾਲ ਦੇ ਸੰਖੇਪ ਭਾਸ਼ਨ ਮਗਰੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ।

You must be logged in to post a comment Login