ਪੰਜਾਬ ਮੋਟਰ ਟਰਾਂਸਪੋਰਟ ਯੂਨੀਅਨ ਦਾ ਵਫ਼ਦ ਟਰਾਂਸਪੋਰਟ ਮੰਤਰੀ ਨੂੰ ਮਿਲਿਆ

ਪੰਜਾਬ ਮੋਟਰ ਟਰਾਂਸਪੋਰਟ ਯੂਨੀਅਨ ਦਾ ਵਫ਼ਦ ਟਰਾਂਸਪੋਰਟ ਮੰਤਰੀ ਨੂੰ ਮਿਲਿਆ
  • ਛੋਟੇ ਟਰਾਂਸਪੋਰਟਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਕਰਵਾਇਆ ਜਾਣੂੰ

ਪਟਿਆਲਾ, 23 ਮਾਰਚ (ਜੀ. ਕੰਬੋਜ)-ਪੰਜਾਬ ਮੋਟਰ ਟਰਾਂਸਪੋਰਟ ਯੂਨੀਅਨ ਵਲੋਂ ਪ੍ਰਧਾਨ ਤੇਜਪਾਲ ਸਿੰਘ ਗੋਗੀ ਟਿਵਾਣਾ ਦੀ ਅਗਵਾਈ ’ਚ ਇਕ ਵਫਦ ਵਲੋਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਮੁਲਾਕਾਤ ਕੀਤੀ ਅਤੇ ਛੋਟੇ ਟਰਾਂਸਪੋਰਟਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ। ਯੂਨੀਅਨ ਨੇ ਦੱਸਿਆ ਕਿ ਉਨ੍ਹਾਂ ਵਲੋਂ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਹੈ ਕਿ ਟਰਾਂਸਪੋਰਟ ਵਿਭਾਗ ਵਿਚ ਹੁਣ ਤੱਕ ਬਾਦਲਾਂ ਦਾ ਦਬਦਬਾ ਹੈ ਤੇ ਸੈਕਟਰੀ ਟਰਾਂਸਪੋਰਟ ਅਤੇ ਮਹਿਕਮੇ ਦੇ ਹੋਰ ਅਫਸਰ ਵੀ ਉਨ੍ਹਾਂ ਦੇ ਪੱਖੀ ਹੀ ਨੀਤੀਆਂ ਲਾਗੂ ਕਰ ਰਹੇ ਹਨ। ਉਨ੍ਹਾਂ ਵਲੋਂ ਵਿਭਾਗ ਦੇ ਭ੍ਰਿਸ਼ਟ ਅਫਸਰਾਂ ਬਾਰੇ ਵੀ ਦੱਸਿਆ ਤੇ ਕਿਹਾ ਕਿ ਹਰ ਕਿਤੇ ਆਰ. ਟੀ. ਓਜ਼. ਬਾਦਲਾਂ ਦੀਆਂ ਬੱਸਾਂ ਅਨੁਸਾਰ ਹੀ ਟਾਈਮ ਟੇਬਲ ਬਣਾ ਰਹੇ ਹਨ, ਜੋ ਕਿ ਨਿਯਮਾਂ ਦੇ ਉਲਟ ਹੈ ਅਤੇ ਛੋਟੇ ਬੱਸ ਓਪਰੇਟਰਾਂ ਤੇ ਟਰਾਂਸਪੋਰਟਰਾਂ ਨੂੰ ਹਾਸ਼ੀਏ ’ਤੇ ਧੱਕਿਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦਾ ਵਪਾਰ ਤਬਾਹ ਹੋਣ ਕਿਨਾਰੇ ਹੈ। ਉਨ੍ਹਾਂ ਵਲੋਂ ਸੈਕਟਰੀ ਟਰਾਂਸਪੋਰਟ ਦਾ ਛੋਟੇ ਟਰਾਂਸਪੋਟਰਾਂ ਪ੍ਰਤੀ ਅਪਣਾਏ ਮਾੜੇ ਰਵੱਈਏ ਤੋਂ ਵੀ ਜਾਣੂ ਕਰਵਾਇਆ। ਪ੍ਰਧਾਨ ਤੇਜਪਾਲ ਸਿੰਘ ਗੋਗੀ ਟਿਵਾਣਾ ਨੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਵਲੋਂ ਉਨ੍ਹਾਂ ਨੂੰ ਸਾਰੀਆਂ ਸਮੱਸਿਆਵਾਂ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ ਹੈ ਤੇ ਕਿਹਾ ਕਿ ਭ੍ਰਿਸ਼ਟ ਅਫਸਰਾਂ ਤੇ ਭ੍ਰਿਸ਼ਟਚਾਰੀ ਨੂੰ ਸਖਤੀ ਨਾਲ ਨੱਥ ਪਾਈ ਜਾਵੇਗੀ। ਇਸ ਮੌਕੇ ਉੜਮੁੜ ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਸਨੌਰ ਦੇ ਵਿਧਾਇਕ ਹਰਮੀਤ ਪਠਾਣਮਾਜਰਾ ਤੋਂ ਇਲਾਵਾ ਤੇਜਪਾਲ ਸਿੰਘ ਗੋਗੀ ਟਿਵਾਣਾ, ਹਰਪ੍ਰੀਤ ਸਿੰਘ ਗੋਗੀ, ਅਮਰਿੰਦਰ ਸਿੰਘ ਸਿੱਧੂ, ਅਜੈ ਲਿਬੜਾ ਆਦਿ ਹਾਜ਼ਰ ਸਨ।

You must be logged in to post a comment Login