ਪੰਜਾਬ ਵਿਚ ਕਿਸਦੀ ਬਣੇਗੀ ਸਰਕਾਰ?

ਪੰਜਾਬ ਵਿਚ ਕਿਸਦੀ ਬਣੇਗੀ ਸਰਕਾਰ?
ਪ੍ਰੋ. ਕੁਲਬੀਰ ਸਿੰਘ
Mob. : 9417153513

10 ਮਾਰਚ ਵਿਚ 2 ਦਿਨ ਰਹਿ ਗਏ ਹਨ। ਸੱਭ ਦੀਆਂ ਧੜਕਨਾਂ ਤੇਜ਼ ਹੋ ਗਈਆਂ ਹਨ। ਸਾਰੇ ਮੰਨ ਕੇ ਬੈਠੇ ਹਨ ਕਿ ਪੰਜਾਬ ਵਿਚ ਕਿਸੇ ਪਾਰਟੀ ਜਾਂ ਗੱਠਜੋੜ ਨੂੰ ਬਹੁਮਤ ਨਹੀਂ ਮਿਲ ਰਿਹਾ। ਹੋ ਸਕਦਾ ਇਹ ਕਿਆਸ ਅਰਾਈਆਂ ਸਹੀ ਨਿਕਲਣ ਅਤੇ ਇਹ ਵੀ ਹੋ ਸਕਦਾ ਹੈ ਕਿ ਸਹੀ ਨਾ ਨਿਕਲਣ।ਹੁਣ ਤੱਕ ਨਿਊਜ਼ ਚੈਨਲਾਂ ਵੱਲੋਂ ਜਿੰਨੇ ਵੀ ਚੋਣ ਸਰਵੇਖਣ ਪ੍ਰਸਾਰਿਤ ਕੀਤੇ ਗਏ ਹਨ, ਕੁਝ ਇਕ ਨੂੰ ਛੱਡ ਕੇ ਸਾਰਿਆਂ ਨੇ ਇੰਨ ਬਿੰਨ ਉਪਰੋਕਤ ਵਾਲੀ ਸਥਿਤੀ ਪ੍ਰਗਟਾਈ ਹੈ। ਬੀਤੇ ਦਿਨੀਂ ਇਕ ਪੰਜਾਬੀ ਨਿਊਜ਼ ਚੈਨਲ ਕਹਿ ਰਿਹਾ ਸੀ ਕਿ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਆਪਣੇ ਐਮ.ਐਲ.ਏ ਸੰਭਾਲਣੇ ਪੈਣਗੇ। ਇਹਦੇ ਲਈ ਜੇਤੂ ਉਮੀਦਵਾਰਾਂ ਨੂੰ ਦੂਰ-ਦੁਰਾਡੇ ਲਿਜਾ ਕੇ ਹਾਈਕਮਾਨ ਆਪਣੀ ਸਖ਼ਤ ਨਿਗਰਾਨੀ ਹੇਠ ਰੱਖੇਗੀ। ਕਈ ਰਾਜਾਂ ਦੀਆਂ ਚੋਣਾਂ ਉਪਰੰਤ ਅਜਿਹੀ ਸਥਿਤੀ ਬਣਦੀ ਰਹੀ ਹੈ। ਵੱਡੀਆਂ ਪਾਰਟੀਆਂ ਦਾ ਅਜਿਹਾ ਲੰਮਾ ਤਜ਼ਰਬਾ ਹੈ। ਜਦ ਅੰਤਰ ਵੱਡਾ ਹੋਵੇ ਤਦ ਪਾਰਟੀਆਂ ਚੁੱਪ ਕਰਕੇ ਬੈਠ ਜਾਂਦੀਆਂ ਹਨ ਪਰ ਅੰਤਰ ਥੋੜ੍ਹਾ ਹੋਣ ʼਤੇ ਹਰ ਹੀਲਾ ਵਸੀਲਾ ਵਰਤਿਆ ਜਾਂਦਾ ਹੈ। ਇਸ ਵਾਰ ਵੱਡਾ ਅੰਤਰ ਹੋਣ ʼਤੇ ਵੀ ਆਸ ਉਮੀਦ ਬਣੀ ਰਹੇਗੀ ਅਤੇ ਉਸ ਆਸ ਉਮੀਦ ਆਸਰੇ ਜੋੜ ਤੋੜ, ਭੰਨ ਤੋੜ ਲਈ ਯਤਨ ਕੀਤੇ ਜਾਣਗੇ।
ਕੁਝ ਗੱਠਜੋੜ ਵੋਟਾਂ ਪੈਣ ਤੋਂ ਪਹਿਲਾਂ ਬਣੇ ਸਨ। ਕੁਝ ਨਤੀਜੇ ਆਉਣ ਤੋਂ ਬਾਅਦ ਬਣ ਸਕਦੇ ਹਨ। ਅਕਾਲੀ ਦਲ ਨੇ ਅਜਿਹੇ ਸੰਕੇਤ ਦਿੱਤੇ ਹਨ। ਨਤੀਜੇ ਆਉਣ ਤੋਂ ਕੁਝ ਦਿਨ ਪਹਿਲਾਂ ਸਿਆਸੀ ਪਾਰਟੀਆਂ ਸਮੀਖਿਆ ਮੀਟਿੰਗਾਂ ਕਰਨ ਲੱਗੀਆਂ ਹਨ। ਅਜਿਹੀ ਮੀਟਿੰਗ ਉਪਰੰਤ ਭਾਜਪਾ ਪੰਜਾਬ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਗੱਠਜੋੜ ਸਰਕਾਰ ਬਣੇਗੀ।ਵੋਟਾਂ ਪੈਣ ਉਪਰੰਤ ਅਜਿਹੀ ਜਿੱਤ ਦਾ ਦਾਅਵਾ ਕਰਨ ਲਈ ਕੋਈ ਪਾਰਟੀ, ਕੋਈ ਨੇਤਾ ਸਾਹਮਣੇ ਨਹੀਂ ਆਇਆ। ਸਾਰੇ ਖ਼ਾਮੋਸ਼ ਹਨ। ਸਾਰੇ 10 ਮਾਰਚ ਦੀ ਉਡੀਕ ਕਰ ਰਹੇ ਹਨ। ਯੂਪੀ ਵਿਚ ਆਖ਼ਰੀ ਗੇੜ ਦੀਆਂ ਵੋਟਾਂ ਪੈਣ ਸਾਰ ˈਐਗਜ਼ਿਟ ਪੋਲˈ ਆਰੰਭ ਹੋ ਜਾਣਗੇ। ਉਨ੍ਹਾਂ ਵਿਚ ਵੀ ਸੱਭ ਦੀ ਦਿਲਚਸਪੀ ਰਹੇਗੀ।ਹਾਲ ਦੀ ਘੜੀ ਸੱਭ ਨੂੰ ਲੱਗਦਾ ਉਨ੍ਹਾਂ ਦੀ ਸਥਿਤੀ ਮਜ਼ਬੂਤ ਹੈ ਜਾਂ ਸ਼ਾਇਦ ਕਮਜ਼ੋਰ ਹੈ। ਹਰੇਕ ਨੂੰ ਲੱਗਦਾ ਉਹ ਜਿੱਤ ਵੀ ਸਕਦੇ ਹਨ, ਹਾਰ ਵੀ ਸਕਦੇ ਹਨ। ਬਹੁਮਤ ਆ ਵੀ ਸਕਦਾ ਹੈ, ਨਹੀਂ ਵੀ ਆ ਸਕਦਾ। ਅਕਾਲੀ ਦਲ ਨੇ ਸਮੇਂ ਸਿਰ ਬਸਪਾ ਨਾਲ ਗੱਠਜੋੜ ਕਰ ਲਿਆ। ਤਿਆਰੀ ਲਈ ਸਮਾਂ ਵੀ ਮਿਲ ਗਿਆ। ਅਕਾਲੀ ਦਲ ਦੀਆਂ ਆਪਣੀ ਪੱਕੀਆਂ ਵੋਟਾਂ ਵੀ ਹਨ। ਇਸ ਲਈ ਅਕਾਲੀ ਦਲ ਨੂੰ ਲੱਗ ਰਿਹਾ ਸ਼ਾਇਦ ਗੱਠਜੋੜ ਦਾ ਦਾਅ ਲੱਗ ਜਾਏ। ਆਪਣੇ ਇਕ ਨੇਤਾ ਰਾਹੀਂ ਭਾਜਪਾ ਨਾਲ ਸਾਂਝ ਦੀ ਗੱਲ ਵੀ ਕਹਾ ਦਿੱਤੀ ਗਈ ਹੈ। ਜੇ ਲੋੜ ਪਈ ਤਾਂ ਅਕਾਲੀ ਦਲ, ਬਸਪਾ, ਭਾਜਪਾ ਇਕੱਠੇ ਹੋ ਸਕਦੇ ਹਨ।ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿਚ ਬਣੀ ਕਿਸਾਨ ਪਾਰਟੀ ਨੇ ਵੋਟ-ਗਣਿਤ ਵਿਗਾੜ ਦਿੱਤਾ ਹੈ। ਇਸਦਾ ਸੱਭ ਤੋਂ ਵੱਧ ਨੁਕਸਾਨ ਅਕਾਲੀ ਦਲ ਨੂੰ ਹੋਣਾ ਹੈ। ਕਾਂਗਰਸ ਨੂੰ ਹੋਣਾ ਹੈ। ਭਾਜਪਾ ਨੂੰ, ਆਮ ਆਦਮੀ ਪਾਰਟੀ ਨੂੰ ਇਸ ਨਾਲ ਬਹੁਤਾ ਫ਼ਰਕ ਨਹੀਂ ਪੈਣਾ।ਪੰਜਾਬ ਵਿਚ ਮੁੱਖ ਤੌਰ ʼਤੇ ਦੋ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਦੀ ਹੀ ਆਪਣੀ ਪੱਕੀ ਵੋਟ ਹੈ। ਮੀਂਹ ਜਾਵੇ ਹਨੇਰੀ ਜਾਵੇ ਉਹ ਉਨ੍ਹਾਂ ਨੂੰ ਹੀ ਪੈਣੀ ਹੈ।ਭਾਜਪਾ ਦਾ ਕੇਵਲ ਸ਼ਹਿਰਾਂ ਵਿਚ ਅਧਾਰ ਹੈ। ਕਿਸਾਨ ਅੰਦੋਲਨ ਨੇ ਇਸਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਆਮ ਆਦਮੀ ਪਾਰਟੀ ਦੀ ਪੱਕੀ ਵੋਟ ਨਹੀਂ ਹੈ। ਇਹ ਹਵਾ ਦੇ ਆਸਰੇ ਚਲਦੀ ਹੈ। ਕਦੇ ਹਵਾ ਲੱਗਦੀ ਸੀ, ਕਦੇ ਨਹੀਂ ਲੱਗਦੀ ਸੀ। ਇਹਦੇ ਕੋਲ ਵੱਡੀ ਵਿਸ਼ਾਲ ਟੀਮ ਨਹੀਂ ਹੈ, ਵੱਡੇ ਲੀਡਰ ਨਹੀਂ ਹਨ। ਇਕ ਨੇਤਾ ਦੇ ਸਿਰ ʼਤੇ ਪੂਰੇ ਪੰਜਾਬ ਨੂੰ, ਸਾਰੇ ਵਰਗਾਂ ਨੂੰ ਪ੍ਰਭਾਵਤ ਕਰਨਾ ਸੁਖਾਲਾ ਨਹੀਂ। ਕਿਸਾਨਾਂ ਦੀ ਪਾਰਟੀ ਨੂੰ ਤਿਆਰੀ ਦਾ, ਲੋਕਾਂ ਵਿਚ ਜਾਣ ਦਾ ਸਮਾਂ ਹੀ ਨਹੀਂ ਮਿਲਿਆ। ਕੁਝ ਇਕ ਹੋਰ ਕਾਰਨ ਵੀ ਹਨ ਜਿਨ੍ਹਾਂ ਕਰਕੇ ਸਥਿਤੀ ਭੰਬਲਭੂਸੇ ਵਾਲੀ ਬਣੀ ਹੋਈ ਹੈ ਪਰੰਤੂ ਉਹ ਕਾਰਨ ਵੱਡੇ ਉਲਟ ਫੇਰ ਕਰਨ ਦੇ ਸਮਰੱਥ ਵੀ ਨਹੀਂ ਹਨ। ਸ਼ਹਿਰਾਂ ਵਿਚ ਇਕ ਵੱਡਾ ਵਰਗ ਵੋਟਾਂ ਪਾਉਣ ਲਈ ਘਰਾਂ ਵਿਚੋਂ ਨਹੀਂ ਨਿਕਲਿਆ। ਕਦੇ ਮੈਂ ਵੀ ਵੋਟ ਪਾਉਣ ਨਹੀਂ ਜਾਂਦਾ ਸਾਂ। ਮੈਂ ਪਹਿਲੀ ਵਾਰ ਵੋਟ ਪਾਉਣ ਉਦੋਂ ਗਿਆ ਜਦੋਂ ਇੰਦਰ ਕੁਮਾਰ ਗੁਜਰਾਲ ਜਲੰਧਰ ਤੋਂ ਚੋਣ ਲੜ ਰਹੇ ਸਨ। ਕੋਈ ਕਿਸੇ ਅਨਪੜ੍ਹ ਨੂੰ, ਕਿਸੇ ਅਪਰਾਧੀ ਨੂੰ, ਕਿਸੇ ਰਿਸ਼ਵਤਖ਼ੋਰ ਨੂੰ, ਕਿਸੇ ਝੂਠ ਬੋਲਣ ਵਾਲੇ ਨੂੰ, ਕਿਸੇ ਦੋਗਲੇ ਵਿਅਕਤੀ ਨੂੰ ਵੋਟ ਪਾਉਣ ਲਈ ਲੰਮੀ ਕਤਾਰ ਵਿਚ ਕਿਉਂ ਖੜ੍ਹਾ ਰਹੇ? ਇਹੀ ਸੋਚ ਕੇ ਬਹੁਤੇ ਲੋਕ ਵੋਟ ਪਾਉਣ ਨਹੀਂ ਗਏ।
ਵਧਾਇਕ ਟੁੱਟਣ ਦਾ ਵਧੇਰੇ ਖ਼ਤਰਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਹੈ। ਇਸ ਲਈ ਇਨ੍ਹਾਂ ਦੋਹਾਂ ਪਾਰਟੀਆਂ ਦੇ ਹਾਈਕਮਾਨ ਪੁਖ਼ਤਾ ਪ੍ਰਬੰਧ ਕਰ ਰਹੇ ਹਨ। ਜਿਸ ਜਗ੍ਹਾ ਵਿਧਾਇਕ ਰੱਖੇ ਜਾਣੇ ਹਨ ਉਸ ਜਗ੍ਹਾ ਦੀ ਹਰ ਪੱਖੋਂ ਸੁਰੱਖਿਆ ਨੂੰ ਵੀ ਧਿਆਨ ਵਿਚ ਰੱਖਿਆ ਜਾ ਰਿਹਾ। ਉਦਾਹਰਨ ਵਜੋਂ ਰਾਜਸਥਾਨ ਵਿਚ ਕਾਂਗਰਸ ਸਰਕਾਰ ਹੈ, ਇਸ ਲਈ ਕਾਂਗਰਸ ਪੰਜਾਬ, ਗੋਆ ਅਤੇ ਉੱਤਰਾਖੰਡ ਦੇ ਵਿਧਾਇਕਾਂ ਨੂੰ ਜੈਪੁਰ ਰੱਖੇਗੀ। ਇਹਦੇ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ। ਦੋ ਹੋਟਲਾਂ ਦੇ 400 ਕਮਰੇ ਰਾਖਵੇਂ ਕਰਵਾ ਲਏ ਗਏ ਹਨ। ਹੋ ਸਕਦੈ ਵਧਾਇਕਾਂ ਦੇ ਫ਼ੋਨ ਨੰਬਰ ਵੀ ਆਰਜ਼ੀ ਤੌਰ ʼਤੇ ਬਦਲ ਦਿੱਤੇ ਜਾਣ। ਪਰ ਹਾਈਕਮਾਨ ਨੂੰ ਇਹ ਨਹੀਂ ਪਤਾ ਕਿ ਦੂਸਰੀਆਂ ਪਾਰਟੀਆਂ ਨੇ ਪਿਛਲੇ 15 ਦਿਨ ਤੋਂ ਭੰਨ ਤੋੜ ਅਤੇ ਜੋੜ ਤੋੜ ਲਈ ਰਾਬਤੇ ਕਾਇਮ ਕੀਤੇ ਹੋਏ ਹਨ। ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿਹੜੀ ਪਾਰਟੀ ਦੇ ਕਿਹੜੇ ਵਧਾਇਕ ਤੋੜੇ ਖਰੀਦੇ ਜਾ ਸਕਦੇ ਹਨ।
ਆਮ ਆਦਮੀ ਪਾਰਟੀ ਵੀ ਇਸ ਪੱਖੋਂ ਪੂਰੀ ਸੁਚੇਤ ਹੈ। ਉਸਨੇ ਵੀ ਸਾਰੇ ਪ੍ਰਬੰਧ ਕਰ ਲਏ ਹਨ। ਲੋੜ ਪੈਣ ʼਤੇ ਦਿੱਲੀ ਦੀ ਕੋਈ ਜਗ੍ਹਾ ਇਸ ਮਕਸਦ ਲਈ ਵਰਤੀ ਜਾ ਸਕਦੀ ਹੈ। ਉਸਨੂੰ ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਤਜ਼ਰਬਾ ਅਜੇ ਭੁੱਲਿਆ ਨਹੀਂ।ਵੱਖ-ਵੱਖ ਪੰਜਾਬੀ ਚੈਨਲ ਇਸ ਵਿਸ਼ੇ ʼਤੇ ਇਨ੍ਹੀਂ ਦਿਨੀਂ ਚਰਚਾ ਕਰਵਾ ਰਹੇ ਹਨ। ਜ਼ਰ੍ਹਾ ਸੋਚੋ ਜੇ ਕਿਸੇ ਵੀ ਪਾਰਟੀ ਜਾਂ ਕਿਸੇ ਵੀ ਗੱਠਜੋੜ ਨੂੰ ਬਹੁਮਤ ਨਾ ਮਿਲਿਆ ਅਤੇ ਕੋਈ ਵੀ ਪਾਰਟੀ ਕਿਸੇ ਵੀ ਦੂਸਰੀ ਪਾਰਟੀ ਜਾਂ ਗੱਠਜੋੜ ਨਾਲ ਰਲਕੇ ਸਰਕਾਰ ਬਨਾਉਣ ਲਈ ਤਿਆਰ ਨਾ ਹੋਈ ਤਾਂ ਕੀ ਹੋਵੇਗਾ? ਰਾਸ਼ਟਰਪਤੀ ਰਾਜ ਲੱਗੇਗਾ। ਇਹੀ ਤਾਂ ਭਾਜਪਾ ਅਤੇ ਕੇਂਦਰ ਸਰਕਾਰ ਚਾਹੁੰਦੀ ਹੈ। ਰਾਸ਼ਟਰਪਤੀ ਰਾਜ ਰਾਹੀਂ ਇਕ ਤਰ੍ਹਾਂ ਭਾਜਪਾ ਦਾ ਹੀ ਰਾਜ ਹੋਵੇਗਾ।ਇੱਥੇ ਆ ਕੇ ਚਰਚਾ ਰੁਕ ਜਾਂਦੀ ਹੈ ਅਤੇ ਹਰ ਕੋਈ ਕਹਿੰਦਾ ਹੈ ਚਲੋ ਹੁਣ 10 ਮਾਰਚ ਨੂੰ ਹੀ ਪਤਾ ਲੱਗੇਗਾ। ਕੌਣ ਮੁੱਖ ਮੰਤਰੀ ਬਣਦਾ ਹੈ ਅਤੇ ਕੀਹਦੀ ਸਰਕਾਰ ਬਣਦੀ ਹੈ। ਸਿਆਸਤ ਬੜੀ ਔਖੀ ਖੇਡ ਹੈ। ਲੰਮੀ ਦੌੜ ਦੌੜਣੀ ਪੈਂਦੀ ਹੈ। ਅੰਤਾਂ ਦਾ ਸਬਰ, ਅੰਤਾਂ ਦੀ ਸਹਿਣਸ਼ੀਲਤਾ ਚਾਹੀਦੀ ਹੈ। ਜਿੱਤ ਗਏ ਤਾਂ ਬੱਲੇ ਬੱਲੇ, ਹਾਰ ਗਏ ਤਾਂ ਥੱਲੇ ਥੱਲੇ। ਪੰਜ ਛੇ ਪਾਰਟੀਆਂ ਹਨ, 4-5 ਮੁੱਖ ਮੰਤਰੀ ਬਣਨ ਦੇ ਚਾਹਵਾਨ। ਪਰ ਬਣਨਾ ਤਾਂ ਕਿਸੇ ਇਕ ਨੇ ਹੈ।

You must be logged in to post a comment Login