ਪੰਜਾਬ ਵਿਧਾਨ ਸਭਾ ਇਜਲਾਸ ਦੇ ਪਹਿਲੇ ਦਿਨ ਲਖੀਮਪੁਰ ਦੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ

ਚੰਡੀਗੜ੍ਹ, 8 ਨਵੰਬਰ : ਪੰਜਾਬ ਵਿਧਾਨ ਸਭਾ ਦੇ ਦੋ ਰੋਜ਼ਾ ਵਿਸ਼ੇਸ਼ ਇਜਲਾਸ ਨੂੰ ਅੱਜ ਸ਼ੁਰੂਆਤੀ ਦਿਨ ’ਚ ਵਿੱਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੇ ਜਾਣ ਮਗਰੋਂ ਹੀ ਮੁਲਤਵੀ ਕਰ ਦਿੱਤਾ ਗਿਆ। ਅੱਜ ਸਦਨ ’ਚ ਲਖੀਮਪੁਰ ਖੀਰੀ ’ਚ ਸ਼ਹੀਦ ਹੋਏ ਚਾਰ ਕਿਸਾਨਾਂ ’ਤੇ ਇੱਕ ਪੱਤਰਕਾਰ ਤੋਂ ਇਲਾਵਾ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਨੂੰ ਵੀ ਸ਼ਰਧਾ ਭੇਟ ਕੀਤੀ ਗਈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਸ਼ੋਕ ਮਤੇ ਪੜ੍ਹੇ ਗਏ ਅਤੇ ਸਦਨ ਨੇ ਦੋ ਮਿੰਟ ਮੌਨ ਧਾਰ ਕੇ ਵਿੱਛੜੀਆਂ ਰੂਹਾਂ ਨੂੰ ਸ਼ਰਧਾ ਭੇਟ ਕੀਤੀ।        ਸਦਨ ਦੇ ਪਹਿਲੇ ਦਿਨ ਸਿਰਫ਼ ਅੱਠ ਮਿੰਟ ਹੀ ਕਾਰਵਾਈ ਚੱਲੀ। ਸਦਨ ਹੁਣ ਮੁੜ 11 ਨਵੰਬਰ ਨੂੰ ਜੁੜੇਗਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਦਨ ਦੇ ਨੇਤਾ ਦੇ ਤੌਰ ’ਤੇ ਇਹ ਪਹਿਲਾ ਸੈਸ਼ਨ ਹੈ ਅਤੇ ਅੱਜ ਚੰਨੀ ਮੱਥਾ ਟੇਕ ਕੇ ਸਦਨ ਵਿਚ ਦਾਖਲ ਹੋਏ। ਆਗਾਮੀ ਚੋਣਾਂ ਤੋਂ ਪਹਿਲਾਂ ਹੋ ਰਹੇ ਇਸ ਸੈਸ਼ਨ ਵਿਚ ਸਰਕਾਰ ਕਈ ਅਹਿਮ ਬਿੱਲ ਵੀ ਲਿਆ ਰਹੀ ਹੈ। ਇਸੇ ਦੌਰਾਨ ਅੱਜ ਬਿਜਨੈੱਸ ਐਡਵਾਈਜ਼ਰੀ ਕੌਂਸਲ ਦੀ ਮੀਟਿੰਗ ਵੀ ਰੱਦ ਕਰ ਦਿੱਤੀ ਗਈ। ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਗੈਰਹਾਜ਼ਰ ਰਹੇ। ਵਿਸ਼ੇਸ਼ ਇਜਲਾਸ ਦੌਰਾਨ 11 ਨਵੰਬਰ ਨੂੰ ਕੇਂਦਰ ਸਰਕਾਰ ਵੱਲੋਂ ਬੀ.ਐਸ.ਐਫ ਦਾ ਪੰਜਾਬ ’ਚ ਅਧਿਕਾਰ ਖੇਤਰ 15 ਕਿਲੋਮੀਟਰ ਤੋਂ 50 ਕਿਲੋਮੀਟਰ ਕਰਨ ਦੇ ਫੈਸਲੇ ਖ਼ਿਲਾਫ਼ ਮਤਾ ਪਾਸ ਕੀਤਾ ਜਾਵੇਗਾ।

You must be logged in to post a comment Login