ਪੰਜਾਬ ਵਿਧਾਨ ਸਭਾ ਚੋਣਾਂ : ਐੱਨ. ਆਰ. ਆਈਜ਼ ਆਨਲਾਈਨ ਵੋਟਿੰਗ ਕਰ ਸਕਗੇ !!

ਪੰਜਾਬ ਵਿਧਾਨ ਸਭਾ ਚੋਣਾਂ : ਐੱਨ. ਆਰ. ਆਈਜ਼ ਆਨਲਾਈਨ ਵੋਟਿੰਗ ਕਰ ਸਕਗੇ !!

ਚੰਡੀਗੜ੍ਹ — ਪੰਜਾਬ ’ਚ ਹੋਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਵੱਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਚੋਣਾਂ ਸਬੰਧੀ ਮਹਤੱਵਪੂਰਨ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਦੇ 23 ਜ਼ਿਲ੍ਹੇ ਅਤੇ 117 ਵਿਧਾਨ ਸਭਾ ਹਲਕਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ 2 ਕਰੋੜ 9 ਲੱਖ ਵੋਟਰ ਹਨ, ਜੋਕਿ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਨ੍ਹਾਂ ’ਚ 1.1 ਕਰੋੜ ਪੁਰਸ਼ ਅਤੇ 99 ਲੱਖ ਔਰਤਾਂ ਹਨ, ਜੋਕਿ ਵੋਟਿੰਗ ਦੇ ਅਧਿਕਾਰਾਂ ਦੀ ਵਰਤੋਂ ਕਰਨਗੀਆਂ। ਇਸ ਦੇ ਨਾਲ ਹੀ ਰਾਜੂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਲੋਕਤੰਤਰ ’ਚ ਮਹਿਲਾ, ਪੁਰਸ਼ ਅਤੇ ਟਰਾਂਸਜੈਂਡਰ ਸਾਰੇ ਬਰਾਬਰ ਹਨ। ਇਸ ਵਾਰ ਟਰਾਂਸਜੈਂਡਰ ਵੀ ਵੋਟਿੰਗ ਕਰਨਗੇ। ਜੇਕਰ ਕੋਈ ਵੋਟਰ ਕੋਰੋਨਾ ਪਾਜ਼ੇਟਿਵ ਹੈ ਤਾਂ ਉਹ ਆਪਣੀ ਵੋਟ ਪੋਸਟਲ ਬੈਲਟ ਪੇਪਰ ਰਾਹੀਂ ਦੇ ਸਕਦਾ ਹੈ ਅਤੇ ਜੇ ਕੋਈ ਵੋਟਿੰਗ ਸੈਂਟਰ ‘ਤੇ ਕੋਰੋਨਾ ਪਾਜ਼ੇਟਿਵ ਮਿਲਦਾ ਹੈ ਤਾਂ ਉਹ ਵੋਟਾਂ ਪਾਉਣ ਦੇ ਆਖ਼ਰੀ ਸਮੇਂ ‘ਚ ਸਾਵਧਾਨੀ ਨਾਲ ਆਪਣੀ ਵੋਟ ਦਾ ਇਸਤੇਮਾਲ ਕਰ ਸਕਦਾ ਹੈ। ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਾਡੇ ਕੋਲ 8.6 ਲੱਖ ਫਾਰਮ ਵੋਟ ਦੇ ਲਈ ਆਏ ਹਨ ਅਤੇ ਇਸ ਵਾਰ ਆਨਲਾਈਨ ਵੋਟਿੰਗ ਦੀ ਵੀ ਲੋਕਾਂ ਨੂੰ ਖ਼ਾਸ ਸਹੂਲਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਐੱਨ. ਆਰ. ਆਈਜ਼ ਦਾ ਵੀ ਖ਼ਾਸ ਧਿਆਨ ਰੱਖਿਆ ਜਾਵੇਗਾ। ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਦੇ ਕੋਲ ਵੀ ਇੰਡੀਅਨ ਪਾਸਪੋਰਟ ਹਨ, ਉਹ ਆਪਣਾ ਵੋਟ ਬਣਵਾ ਲੈਣ ਅਤੇ ਆਨਲਾਈਨ ਵੋਟਿੰਗ ਵੀ ਕੀਤੀ ਜਾਵੇਗੀ। ਚੋਣਾਂ ਦੌਰਾਨ ਹਥਿਆਰਾਂ ਨੂੰ ਜਮ੍ਹਾ ਕਰਵਾਉਣ ਸਬੰਧੀ ਐੱਸ. ਕਰੁਣਾ ਨੇ ਕਿਹਾ ਕਿ ਪੰਜਾਬ ’ਚ ਚੋਣਾਂ ਨੂੰ ਧਿਆਨ ’ਚ ਰੱਖਦੇ ਹੋਏ ਹਥਿਆਰਾਂ ਨੂੰ ਜਮ੍ਹਾ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਜ਼ਿਲ੍ਹਿਆਂ ਦੇ ਡੀ. ਸੀ. ਅਤੇ ਐੱਸ. ਐੱਸ. ਪੀ. ਨਾਲ ਮੀਟਿੰਗ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਤੋਂ ਇਸ ਸਬੰਧੀ ਪੂਰੀ ਰਿਪੋਰਟਿੰਗ ਲਈ ਜਾ ਰਹੀ ਹੈ। ਜਿਹੜੇ ਲੋਕ ਹਥਿਆਰ ਜਮ੍ਹਾ ਨਹੀਂ ਕਰਵਾਉਣਗੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ।

You must be logged in to post a comment Login