ਚੰਡੀਗੜ੍ਹ, 16 ਜੁਲਾਈ- ਇਥੇ ਅੱਜ ਦੁਪਹਿਰ ਵੇਲੇ ਅਚਾਨਕ ਕਾਲੀਆਂ ਘਟਾਵਾਂ ਛਾ ਗਈਆਂ ਅਤੇ ਭਰਵਾਂ ਮੀਂਹ ਪਿਆ। ਇਸ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਹਲਕੀ ਰਾਹਤ ਮਿਲੀ ਪਰ ਹੁੰਮਸ ਉਸੇ ਤਰ੍ਹਾਂ ਹੀ ਬਰਕਰਾਰ ਹੈ। ਦੱਸਣਾ ਬਣਦਾ ਹੈ ਕਿ ਇਹ ਮੀਂਹ ਚੰਡੀਗੜ੍ਹ, ਮੁਹਾਲੀ, ਖਰੜ, ਰਾਜਪੁਰਾ ਤੇ ਹੋਰ ਖੇਤਰਾਂ ਵਿਚ ਪੈਣ ਦੀ ਜਾਣਕਾਰੀ ਮਿਲੀ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਕਈ ਥਾਈਂ ਬੱਦਲਵਾਈ ਹੋਈ ਤੇ ਲੁਧਿਆਣਾ ਸਣੇ ਕਈ ਥਾਵਾਂ ’ਤੇ ਕਣੀਆਂ ਪਈਆਂ। ਜ਼ਿਕਰਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਟਰਾਈਸਿਟੀ ਵਿਚ ਮੌਨਸੂਨ ਕਮਜ਼ੋਰ ਪੈ ਗਈ ਸੀ ਤੇ ਮੀਂਹ ਨਾ ਪੈਣ ਕਾਰਨ ਗਰਮੀ ਤੇ ਹੁੰਮਸ ਵਧਦੀ ਜਾ ਰਹੀ ਸੀ। ਜਾਣਕਾਰੀ ਅਨੁਸਾਰ ਅੱਜ ਸਾਉਣ ਮਹੀਨਾ ਚੜ੍ਹ ਗਿਆ ਹੈ ਤੇ ਪੰਜਾਬ ਵਿਚ ਹਾੜ ਮਹੀਨਾ ਐਤਕੀਂ ਬਹੁਤਾ ਮੀਂਹ ਨਹੀਂ ਪਿਆ। ਮੌਸਮ ਵਿਭਾਗ ਅਨੁਸਾਰ ਮੌਨਸੂਨ 22 ਜੁਲਾਈ ਤੋਂ ਸਰਗਰਮ ਹੋਣ ਦੀ ਖਾਸੀ ਉਮੀਦ ਦੱਸੀ ਜਾ ਰਹੀ ਹੈ। ਇਸ ਵੇਲੇ ਝੋਨੇ ਦੀ ਲੁਆਈ ਲਗਪਗ ਮੁਕੰਮਲ ਹੋਣ ਦੇ ਕਰੀਬ ਹੈ ਪਰ ਮੀਂਹ ਨਾ ਪੈਣ ਕਾਰਨ ਲੁਆਈ ਦਾ ਕੰਮ ਬਹੁਤ ਮੱਠਾ ਚੱਲ ਰਿਹਾ ਹੈ ਜਿਨ੍ਹਾਂ ਕਿਸਾਨਾਂ ਨੇ ਝੋਨ ਲਾ ਦਿੱਤਾ ਹੈ ਉਨ੍ਹਾਂ ਕੋਲ ਝੋਨੇ ਲਈ ਪਾਣੀ ਪੂਰਾ ਨਹੀਂ ਹੋ ਰਿਹਾ। ਹੁਣ ਪੰਜਾਬ ਦੇ ਕਿਸਾਨਾਂ ਦੀ ਟੇਕ ਇੰਦਰਦੇਵਤਾ ’ਤੇ ਹੈ।
You must be logged in to post a comment Login