ਚੰਡੀਗੜ੍ਹ : ਪੰਜਾਬ ਦੇ ਵੱਡੇ ਹਿੱਸੇ ਵਿੱਚ ਅੱਜ ਮੌਨਸੂਨ ਦੀ ਦਸਤਕ ਨੇ ਲੋਕਾਂ ਨੂੰ ਭਾਰੀ ਰਾਹਤ ਦਿੱਤੀ ਹੈ। ਮੌਨਸੂਨ ਦੇ ਛਰਾਟਿਆਂ ਨਾਲ ਹੁੰਮਸ ਤਾਂ ਭਾਵੇਂ ਵੱਧ ਗਈ ਹੈ ਪਰ ਤਾਪਮਾਨ ਵਿੱਚ ਗਿਰਾਵਟ ਆ ਗਈ ਹੈ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਬੁੱਧਵਾਰ ਤੱਕ ਤਾਪਮਾਨ 40 ਡਿਗਰੀ ਤੋਂ ਵੱਧ ਸੀ ਜੋ ਘੱਟ ਕੇ 37 ਡਿਗਰੀ ਦੇ ਨਜ਼ਦੀਕ ਆ ਗਿਆ।
ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ ਮੌਨਸੂਨ ਨੇ ਚੰਡੀਗੜ੍ਹ ਸਮੇਤ ਮੁਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ, ਨਵਾਂਸ਼ਹਿਰ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਕਈ ਹਿੱਸਿਆਂ ਵਿੱਚ ਚੰਗੀ ਹਾਜ਼ਰੀ ਲਵਾਈ ਹੈ। ਪਠਾਨਕੋਟ ਵਿੱਚ ਸਭ ਤੋਂ ਜ਼ਿਆਦਾ ਮੀਂਹ ਪੈਣ ਦੀਆਂ ਰਿਪੋਰਟਾਂ ਮਿਲੀਆਂ ਹਨ। ਦੱਖਣੀ ਪੰਜਾਬ ਦੇ ਹਿੱਸਿਆਂ ’ਚ ਮੌਨਸੂਨ ਦੇ ਪਹੁੰਚਣ ਨੂੰ ਕੁਝ ਸਮਾਂ ਲੱਗਾ ਸਕਦਾ ਹੈ ਅਤੇ ਅੱਜ ਰਾਤ ਕਈ ਥਾਈਂ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਪੰਜਾਬ ਅਤੇ ਚੰਡੀਗੜ੍ਹ ਖਿੱਤੇ ਵਿੱਚ ਆਮ ਤੌਰ ’ਤੇ ਮੌਨਸੂਨ ਦੀ ਆਮਦ 30 ਜੂਨ ਮੰਨੀ ਜਾਂਦੀ ਹੈ ਪਰ ਇਸ ਵਾਰ ਚਾਰ ਦਿਨ ਦੀ ਦੇਰੀ ਨਾਲ ਮੀਂਹ ਸ਼ੁਰੂ ਹੋਏ ਹਨ। ਸੁਰਿੰਦਰ ਪਾਲ ਨੇ ਕਿਹਾ ਕਿ ਕੇਰਲ ਵਿੱਚ ਇੱਕ ਮਹੀਨਾ ਪਹਿਲਾਂ ਮੌਨਸੂਨ ਦੀ ਆਮਦ ਤੋਂ ਬਾਅਦ ਗਤੀ ਬਹੁਤ ਹੀ ਮੱਧਮ ਹੋ ਗਈ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਇਸ ਨੇ ਮੁੜ ਤੇਜ਼ੀ ਫੜ ਲਈ ਹੈ। ਬੀਤੀ ਰਾਤ ਤੋਂ ਹੀ ਚੰਡੀਗੜ੍ਹ, ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਵੱਡੇ ਹਿੱਸੇ ’ਤੇ ਬੱਦਲਵਾਈ ਹੋਣ ਨਾਲ ਮੌਨਸੂਨ ਦੀ ਆਮਦ ਹੋ ਗਈ ਸੀ। ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਵੀ ਅੱਜ ਭਰਵੀਂ ਬਾਰਿਸ਼ ਹੋਈ। ਇਸ ਨਾਲ ਗੋਬਿੰਦ ਸਾਗਰ ਝੀਲ ਸਮੇਤ ਬਿਆਸ ਅਤੇ ਸਤਲੁਜ ਦਰਿਆਵਾਂ ’ਚ ਪਾਣੀ ਦਾ ਪੱਧਰ ਵੱਧਣ ਦੀ ਉਮੀਦ ਹੈ। ਪੰਜਾਬ ਦੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਮੌਸਮ ਵਿਭਾਗ ਨੇ ਇਸ ਵਾਰੀ ਜਿਸ ਤਰ੍ਹਾਂ ਕਮਜ਼ੋਰ ਮੌਨਸੂਨ ਦੀ ਭਵਿੱਖਬਾਣੀ ਕੀਤੀ ਹੋਈ ਹੈ, ਉਸ ਨੂੰ ਦੇਖਦਿਆਂ ਹੜ੍ਹਾਂ ਵਰਗੀ ਸਥਿਤੀ ਪੈਦਾ ਹੋਣ ਦੀ ਸੰਭਾਵਨਾ ਘੱਟ ਹੈ ਫਿਰ ਵੀ ਡਰੇਨੇਜ ਵਿਭਾਗ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਕਿਸਾਨਾਂ ਨੂੰ ਇਸ ਰੁੱਤ ਦੀ ਬਾਰਿਸ਼ ਨਾਲ ਭਾਰੀ ਰਾਹਤ ਮਿਲੀ ਹੈ। ਔੜ ਕਾਰਨ ਝੋਨਾ ਅਤੇ ਸਾਉਣੀ ਦੀਆਂ ਹੋਰ ਫਸਲਾਂ ਪ੍ਰਭਾਵਿਤ ਹੋ ਰਹੀਆਂ ਸਨ ਅਤੇ ਬਿਜਲੀ ਦੀ ਮੰਗ ਵੀ ਰਿਕਾਰਡ ਤੋੜ ਰਹੀ ਸੀ। ਮੀਂਹ ਨੇ ਪਾਵਰਕੌਮ ਨੂੰ ਵੀ ਕੁਝ ਰਾਹਤ ਦਿੱਤੀ ਹੈ। ਮਾਹਿਰਾਂ ਵੱਲੋਂ ਪੰਜਾਬ ਦੇ ਨੀਮ ਪਹਾੜੀ ਖੇਤਰਾਂ ਵਿੱਚ ਤਾਂ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਆਉਂਦੇ 48 ਘੰਟਿਆਂ ’ਚ ਖਿੱਤਾ ਮੌਨਸੂਨ ਦੀ ਲਪੇਟ ’ਚ ਆਉਣ ਦੀ ਸੰਭਾਵਨਾ ਹੈ।
ਪਠਾਨਕੋਟ, ਮੁਹਾਲੀ ਅਤੇ ਚੰਡੀਗੜ੍ਹ ’ਚ ਪਿਆ ਮੋਹਲੇਧਾਰ ਮੀਂਹ : ਮੌਸਮ ਵਿਭਾਗ ਮੁਤਾਬਕ ਅੱਜ ਚੰਡੀਗੜ੍ਹ ਵਿੱਚ 25.2 ਮਿਲੀਮੀਟਰ, ਮੁਹਾਲੀ ਵਿੱਚ 29, ਪਠਾਨਕੋਟ ਵਿੱਚ 34, ਅੰਮ੍ਰਿਤਸਰ ਵਿੱਚ 15, ਰੋਪੜ ’ਚ 15, ਨਵਾਂਸ਼ਹਿਰ ਵਿੱਚ 10.6 ਅਤੇ ਬੁੱਲੋਵਾਲ ’ਚ 21 ਮਿਲੀਮੀਟਰ ਬਾਰਿਸ਼ ਹੋਈ। ਪਟਿਆਲਾ ਅਤੇ ਨਵਾਂਸ਼ਹਿਰ ਵਿੱਚ ਹਲਕਾ ਮੀਂਹ ਪੈਣ ਦੀ ਰਿਪੋਰਟ ਹੈ। ਹਰਿਆਣਾ ’ਚ ਨਰਾਇਣਗੜ੍ਹ ਨੇੜੇ ਸਭ ਤੋਂ ਜ਼ਿਆਦਾ 41 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ।

You must be logged in to post a comment Login