ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਬਿਊਰੋ ਮੁਖੀ ਪਰਮਾਰ ਸਣੇ ਤਿੰਨ ਅਧਿਕਾਰੀ ਸਸਪੈਂਡ

ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਬਿਊਰੋ ਮੁਖੀ ਪਰਮਾਰ ਸਣੇ ਤਿੰਨ ਅਧਿਕਾਰੀ ਸਸਪੈਂਡ

ਚੰਡੀਗੜ੍ਹ, 25 ਅਪਰੈਲ : ਪੰਜਾਬ ਸਰਕਾਰ ਨੇ ਕੁਰੱਪਸ਼ਨ ਵਿਰੋਧੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਸੁਰਿੰਦਰ ਪਾਲ ਸਿੰਘ ਪਰਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ਸੂਬਾ ਸਰਕਾਰ ਨੇ ਵਿਜੀਲੈਂਸ ਮੁਖੀ ਤੋਂ ਇਲਾਵਾ ਐੱਸਐੱਸਪੀ ਵਿਜੀਲੈਂਸ ਸਵਰਨਪ੍ਰੀਤ ਸਿੰਘ ਅਤੇ ਏਆਈਜੀ ਹਰਪ੍ਰੀਤ ਸਿੰਘ ਨੂੰ ਵੀ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਪਹਿਲੀ ਦਫ਼ਾ ਹੈ ਜਦੋਂ ਕਿਸੇ ਸਰਕਾਰ ਦੀ ਤਰਫ਼ੋਂ ਵਿਜੀਲੈਂਸ ਮੁਖੀ ਖ਼ਿਲਾਫ਼ ਏਡਾ ਵੱਡਾ ਕਦਮ ਚੁੱਕਿਆ ਗਿਆ ਹੋਵੇ। ਪੰਜਾਬ ਸਰਕਾਰ ਕੁਰੱਪਸ਼ਨ ਵਿਰੋਧੀ ਮੁਹਿੰਮ ਨੂੰ ਲੈ ਕੇ ਸੂਬੇ ਵਿੱਚ ਸਖ਼ਤ ਸੁਨੇਹਾ ਦੇਣਾ ਚਾਹੁੰਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਮਾਮਲਾ ਆਉਣ ’ਤੇ ਉਨ੍ਹਾਂ ਨੇ ਫ਼ੌਰੀ ਐਕਸ਼ਨ ਲਈ ਨਿਰਦੇਸ਼ ਜਾਰੀ ਕਰ ਦਿੱਤੇ ਸਨ। ਵਿਜੀਲੈਂਸ ਮੁਖੀ ਵਜੋਂ 1997 ਬੈਚ ਦੇ ਆਈਪੀਐਸ ਅਧਿਕਾਰੀ ਪਰਮਾਰ ਨੇ 26 ਮਾਰਚ ਨੂੰ ਹੀ ਅਹੁਦਾ ਸੰਭਾਲਿਆ ਸੀ। ਕਰੀਬ ਇੱਕ ਮਹੀਨੇ ਮਗਰੋਂ ਹੀ ਉਨ੍ਹਾਂ ਖ਼ਿਲਾਫ਼ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਵੇਰਵਿਆਂ ਅਨੁਸਾਰ ਡਰਾਈਵਿੰਗ ਲਾਇਸੈਂਸ ਘੁਟਾਲੇ ਦੇ ਸੰਦਰਭ ਵਿੱਚ ਵਿਜੀਲੈਂਸ ਮੁਖੀ ਨੂੰ ਸਸਪੈਂਡ ਕੀਤਾ ਗਿਆ ਹੈ। ਸਰਕਾਰੀ ਬੁਲਾਰੇ ਨੇ ਕਿਹਾ ਕਿ ਲਾਇਸੈਂਸ ਘੁਟਾਲੇ ’ਚ ਕਾਰਵਾਈ ਰੋਕੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਲਈ ਜ਼ਿੰਮੇਵਾਰ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਦੱਸਣਯੋਗ ਹੈ ਕਿ 7 ਅਪਰੈਲ ਨੂੰ ਵਿਜੀਲੈਂਸ ਨੇ ਸੂਬੇ ਭਰ ਵਿੱਚ ਆਰਟੀਏ ਦਫ਼ਤਰਾਂ ਅਤੇ ਡਰਾਈਵਿੰਗ ਟੈਸਟ ਸੈਂਟਰਾਂ ਵਿੱਚ ਛਾਪੇ ਮਾਰੇ ਸਨ।

 

You must be logged in to post a comment Login