ਪੰਜ ਸਾਲਾਂ ਦੇ ਵਕਫ਼ੇ ਬਾਅਦ ਭਾਰਤ ਵੱਲੋਂ ਚੀਨੀ ਨਾਗਰਿਕਾਂ ਲਈ ਵਿਜ਼ਟਰ ਵੀਜ਼ਾ ਸ਼ੁਰੂ ਕਰਨ ਦਾ ਐਲਾਨ

ਪੰਜ ਸਾਲਾਂ ਦੇ ਵਕਫ਼ੇ ਬਾਅਦ ਭਾਰਤ ਵੱਲੋਂ ਚੀਨੀ ਨਾਗਰਿਕਾਂ ਲਈ ਵਿਜ਼ਟਰ ਵੀਜ਼ਾ ਸ਼ੁਰੂ ਕਰਨ ਦਾ ਐਲਾਨ
ਬੀਜਿੰਗ : ਭਾਰਤ ਨੇ ਇਸ ਹਫ਼ਤੇ ਤੋਂ ਚੀਨੀ ਨਾਗਰਿਕਾਂ ਨੂੰ ਵਿਜ਼ਟਰ ਵੀਜ਼ੇ ਦੇਣ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਇਹ ਕਦਮ ਗਲਵਾਨ ਘਾਟੀ ਵਿੱਚ ਫੌਜੀ ਝੜਪਾਂ ਤੋਂ ਬਾਅਦ ਤਣਾਅਪੂਰਨ ਹੋਏ ਦੁਵੱਲੇ ਸਬੰਧਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਸਾਹਮਣੇ ਆਇਆ ਹੈ। ਭਾਰਤ ਨੇ 2020 ਵਿੱਚ ਮੁੱਖ ਤੌਰ ’ਤੇ ਕੋਵਿਡ-19 ਮਹਾਂਮਾਰੀ ਕਾਰਨ ਚੀਨੀ ਨਾਗਰਿਕਾਂ ਨੂੰ ਵਿਜ਼ਟਰ ਵੀਜ਼ੇ ਜਾਰੀ ਕਰਨਾ ਬੰਦ ਕਰ ਦਿੱਤਾ ਸੀ, ਪਰ ਪੂਰਬੀ ਲੱਦਾਖ ਸਰਹੱਦੀ ਵਿਵਾਦ ਦੇ ਮੱਦੇਨਜ਼ਰ ਪਾਬੰਦੀਆਂ ਜਾਰੀ ਰੱਖੀਆਂ ਸਨ। ਬੀਜਿੰਗ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਚੀਨੀ ਨਾਗਰਿਕ ਵੀਰਵਾਰ ਤੋਂ ਵਿਜ਼ਟਰ ਵੀਜ਼ਿਆਂ ਲਈ ਅਪਲਾਈ ਕਰ ਸਕਦੇ ਹਨ। ਇੱਕ ਨੋਟੀਫਿਕੇਸ਼ਨ ਵਿੱਚ ਇਸ ਨੇ ਵੀਜ਼ਿਆਂ ਲਈ ਅਰਜ਼ੀ ਦੇਣ ਦੀਆਂ ਲੋੜੀਂਦੀਆਂ ਪ੍ਰਕਿਰਿਆਵਾਂ ਦੇ ਨਾਲ-ਨਾਲ ਬੀਜਿੰਗ, ਸ਼ੰਘਾਈ ਅਤੇ ਗੁਆਂਗਜ਼ੂ ਵਿੱਚ ਸੰਬੰਧਤ ਭਾਰਤੀ ਵੀਜ਼ਾ ਅਰਜ਼ੀ ਕੇਂਦਰਾਂ ਵਿੱਚ ਜਮ੍ਹਾਂ ਕਰਵਾਏ ਜਾਣ ਵਾਲੇ ਦਸਤਾਵੇਜ਼ਾਂ ਬਾਰੇ ਵੀ ਦੱਸਿਆ। ਭਾਰਤੀ ਦੂਤਾਵਾਸ ਵੱਲੋਂ ਵਿਜ਼ਟਰ ਵੀਜ਼ੇ ਮੁੜ ਸ਼ੁਰੂ ਕਰਨ ਦਾ ਫੈਸਲਾ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਬੀਜਿੰਗ ਵਿੱਚ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਵਿਆਪਕ ਗੱਲਬਾਤ ਕਰਨ ਤੋਂ ਲਗਭਗ ਡੇਢ ਹਫ਼ਤੇ ਬਾਅਦ ਆਇਆ ਹੈ। ਜੈਸ਼ੰਕਰ ਮੁੱਖ ਤੌਰ ’ਤੇ ਸ਼ੰਘਾਈ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੇ ਸੰਮੇਲਨ ਵਿੱਚ ਸ਼ਾਮਲ ਹੋਣ ਲਈ 14-15 ਜੁਲਾਈ ਨੂੰ ਚੀਨ ਗਏ ਸਨ।

You must be logged in to post a comment Login