ਪੱਛਮੀ ਬੰਗਾਲ ਵਿਧਾਨ ਸਭਾ ’ਚ ਟੀਐੱਮਸੀ ਤੇ ਭਾਜਪਾ ਵਿਧਾਇਕ ਭਿੜੇ, ਪੰਜ ਵਿਧਾਇਕ ਮੁਅੱਤਲ

ਪੱਛਮੀ ਬੰਗਾਲ ਵਿਧਾਨ ਸਭਾ ’ਚ ਟੀਐੱਮਸੀ ਤੇ ਭਾਜਪਾ ਵਿਧਾਇਕ ਭਿੜੇ, ਪੰਜ ਵਿਧਾਇਕ ਮੁਅੱਤਲ

ਕੋਲਕਾਤਾ, 28 ਮਾਰਚ- ਪੱਛਮੀ ਬੰਗਾਲ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਿਧਾਇਕਾਂ ਦਰਮਿਆਨ ਹੋਈ ਹੱਥੋਪਾਈ ਤੋਂ ਬਾਅਦ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਬੀਰਭੂਮ ਹਿੰਸਾ ਮਾਮਲੇ ’ਤੇ ਹੋਈ ਤਿੱਖੀ ਝੜਪ ਮਗਰੋਂ ਟੀਐੱਮਸੀ ਅਤੇ ਭਾਜਪਾ ਵਿਧਾਇਕਾਂ ਨੇ ਇੱਕ ਦੂਜੇ ’ਤੇ ਮੁੱਕਿਆਂ ਨਾਲ ਹਮਲਾ ਕੀਤਾ। ਇਸ ਤੋਂ ਬਾਅਦ ਸਪੀਕਰ ਨੇ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਸਮੇਤ ਪੰਜ ਭਾਜਪਾ ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ। ਸਦਨ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਣ ਤੋਂ ਫੌਰੀ ਮਗਰੋਂ ਭਾਜਪਾ ਵਿਧਾਇਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਪੀਕਰ ਦੀ ਕੁਰਸੀ ਨੇੜੇ ਪਹੁੰਚ ਗਏ। ਬੀਰਭੂਮ ਹਿੰਸਾ ਦੇ ਮਾਮਲੇ ਵਿਚ ਸੂਬੇ ਵਿਚ ‘ਵਿਗੜਦੇ’ ਹਾਲਾਤ ’ਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਬਿਆਨ ਦੀ ਮੰਗ ਕਰਨ ਲੱਗੇ। ਪਿਛਲੇ ਹਫ਼ਤੇ ਇਸ ਹਿੰਸਾ ਵਿੱਚ ਅੱਠ ਲੋਕਾਂ ਨੂੰ ਜਿਊਂਦਾ ਸਾੜ ਦਿੱਤਾ ਗਿਆ ਸੀ। ਸਪੀਕਰ ਬਿਮਨ ਬੈਨਰਜੀ ਨੇ ਸਦਨ ਵਿੱਚ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਭਾਜਪਾ ਵਿਧਾਇਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਸ਼ਾਂਤ ਨਹੀਂ ਹੋਏ ਅਤੇ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਦੇ ਵਿਧਾਇਕਾਂ ਵਿਚਾਲੇ ਸ਼ਬਦੀ ਜੰਗ ਜਾਰੀ ਰਹੀ, ਜੋ ਬਾਅਦ ਵਿੱਚ ਮਾਰਕੁਟ ਵਿੱਚ ਬਦਲ ਗਈ। ਫਿਰ ਅਧਿਕਾਰੀ ਨੇ ਸਦਨ ਵਿੱਚੋਂ ਵਾਕਆਊਟ ਕੀਤਾ ਅਤੇ ਦਾਅਵਾ ਕੀਤਾ ਕਿ ਟੀਐੱਮਸੀ ਵਿਧਾਇਕਾਂ ਨੇ ਭਾਜਪਾ ਵਿਧਾਇਕਾਂ ’ਤੇ ਹਮਲਾ ਕੀਤਾ ਹੈ।

You must be logged in to post a comment Login