ਪੱਤਰਕਾਰਾਂ ਤੋਂ ਚਰਿੱਤਰ ਪ੍ਰਮਾਣ ਪੱਤਰ ਮੰਗਣ ਦੇ ਹੁਕਮਾਂ ਤੋਂ ਪਿੱਛੇ ਹਟੀ ਹਿਮਾਚਲ ਸਰਕਾਰ

ਸ਼ਿਮਲਾ, 4 ਅਕਤੂਬਰ- ਹਿਮਾਚਲ ਪ੍ਰਦੇਸ਼ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਿਲਾਸਪੁਰ ਰੈਲੀ ਕਵਰ ਕਰਨ ਵਾਲੇ ਪੱਤਰਕਾਰਾਂ ਤੋਂ ‘ਚਰਿੱਤਰ ਪ੍ਰਮਾਣ ਪੱਤਰ’ ਦੀ ਮੰਗ ਕਰਨ ਵਾਲੇ ਸਬੰਧਤ ਪੁਲੀਸ ਅਧਿਕਾਰੀ ਦੇ ਵਿਵਾਦਿਤ ਹੁਕਮਾਂ ਨੂੰ ਅੱਜ ਵਾਪਸ ਲੈ ਲਿਆ। ਬਿਲਾਸਪੁਰ ਦੇ ਐੱਸਐੱਸਪੀ ਦਿਵਾਕਰ ਸ਼ਰਮਾ ਨੇ ਰੈਲੀ ਦੀ ਕਵਰੇਜ ਕਰਨ ਵਾਲੇੇ ਪੱਤਰਕਾਰਾਂ ਲਈ ‘ਚਰਿੱਤਰ ਪ੍ਰਮਾਣ ਪੱਤਰ’ ਮੁਹੱਈਆ ਕਰਵਾਉਣ ਦੀ ਸ਼ਰਤ ਲਾਜ਼ਮੀ ਕੀਤੀ ਸੀ। ਪ੍ਰਧਾਨ ਮੰਤਰੀ ਬੁੁੱਧਵਾਰ ਨੂੰ ਬਿਲਾਸਪੁਰ ਵਿੱਚ ਏਮਸ ਦਾ ਉਦਘਾਟਨ ਕਰਨ ਮਗਰੋਂ ਜਨਤਕ ਰੈਲੀ ਨੂੰ ਸੰਬੋਧਨ ਕਰਨ ਤੋਂ ਇਲਾਵਾ ਕੁੱਲੂ ਵਿੱਚ ਦਸਹਿਰਾ ਸਮਾਗਮ ’ਚ ਸ਼ਿਰਕਤ ਕਰਨਗੇ। ਇਸ ਦੌਰਾਨ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਅੱਜ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਤਿਆਰੀਆਂ ਦਾ ਜਾਇਜ਼ਾ ਲਿਆ।

ਕਾਬਿਲੇਗੌਰ ਹੈ ਕਿ ਬਿਲਾਸਪੁਰ ਦੇ ਐੱਸਪੀ ਦਿਵਾਕਰ ਸ਼ਰਮਾ ਨੇ 29 ਸਤੰਬਰ ਨੂੰ ਜਾਰੀ ਹੁਕਮਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਅਕਤੂਬਰ ਦੀ ਬਿਲਾਸਪੁਰ ਫੇਰੀ ਦੀ ਕਵਰੇਜ ਕਰਨ ਵਾਲੇ ਪੱਤਰਕਾਰਾਂ ਨੂੰ ਆਪੋ-ਆਪਣੇ ਚਰਿੱਤਰ ਪ੍ਰਮਾਣ ਪੱਤਰਾਂ ਦੀ ਤਸਦੀਕ ਕਰਵਾ ਕੇ ਦੇਣ ਲਈ ਕਿਹਾ ਸੀ। ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਪੁਲੀਸ ਅਧਿਕਾਰੀ ਦੇ ਇਨ੍ਹਾਂ ਹੁਕਮਾਂ ਦੀ ਨੁਕਤਾਚੀਨੀ ਕੀਤੀ ਸੀ। ਦੋਵਾਂ ਪਾਰਟੀਆਂ ਨੇ ਹੁਕਮਾਂ ਨੂੰ ਭਾਜਪਾ ਸਰਕਾਰ ਵੱਲੋਂ ਜਮਹੂਰੀਅਤ ’ਤੇ ਹਮਲਾ ਕਰਾਰ ਦਿੱਤਾ ਸੀ। ਸੂਬਾਈ ਕਾਂਗਰਸ ਦੇ ਉਪ ਪ੍ਰਧਾਨ ਨਰੇਸ਼ ਚੌਹਾਨ ਤੇ ‘ਆਪ’ ਦੇ ਸੂਬਾਈ ਤਰਜਮਾਨ ਗੌਰਵ ਸ਼ਰਮਾ ਨੇ ਅੱਜ ਸੂਬਾ ਸਰਕਾਰ ਨੂੰ ਇਹ ਵਿਵਾਦਿਤ ਹੁਕਮ ਫੌਰੀ ਵਾਪਸ ਲੈਣ ਦੀ ਮੰਗ ਕੀਤੀ ਸੀ। ਸਰਕਾਰ ਵੱੱਲੋਂ ਜਾਰੀ ਬਿਆਨ ਮੁਤਾਬਕ ਸੂਬੇ ਦੇ ਡੀਜੀਪੀ ਸੰਜੈ ਕੁੰਡੂ ਨੇ ਐੱਸਪੀ ਵੱਲੋਂ ਕੀਤੇ ਹੁਕਮਾਂ ਨੂੰ ਵਾਪਸ ਲੈ ਲਿਆ ਹੈ।  ਬਿਆਨ ਵਿੱਚ ਕਿਹਾ ਗਿਆ, ‘‘ਹਿਮਾਚਲ ਪ੍ਰਦੇਸ਼ ਪੁਲੀਸ ਮਾਣਯੋਗ ਪ੍ਰਧਾਨ ਮੰਤਰੀ ਦੀ 5 ਅਕਤੂਬਰ ਦੀ ਹਿਮਾਚਲ ਪ੍ਰਦੇਸ਼ ਫੇਰੀ ਦੀ ਕਵਰੇਜ ਲਈ ਸਾਰੇ ਪੱਤਰਕਾਰਾਂ ਦਾ ਸਵਾਗਤ ਕਰਦੀ ਹੈ ਤੇ ਕਵਰੇਜ ਲਈ ਲੋੜੀਂਦਾ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।’’ ਬਿਲਾਸਪੁਰ ਦੇ ਐੱਸਪੀ ਨੇ 29 ਸਤੰਬਰ ਨੂੰ ਜਾਰੀ ਹਦਾਇਤਾਂ ਵਿੱਚ ਜ਼ਿਲ੍ਹੇ ਦੇ ਲੋਕ ਸੰਪਰਕ ਅਧਿਕਾਰੀ ਕੁਲਦੀਪ ਗੁਲੇਰੀਆ ਨੂੰ ਚਰਿੱਤਰ ਪ੍ਰਮਾਣ ਪੱਤਰਾਂ ਦੀ ਤਸਦੀਕ ਨਾਲ ਸਾਰੇ ਪ੍ਰੈੱਸ ਪ੍ਰਤੀਨਿਧੀਆਂ, ਫੋਟੋਗ੍ਰਾਫ਼ਰਾਂ ਤੇ ਵੀਡੀਓਗ੍ਰਾਫ਼ਰਾਂ, ਦੂਰਦਰਸ਼ਨ ਕੇਂਦਰ ਤੇ ਆਲ ਇੰਡੀਆ ਰੇਡੀਓ ਟੀਮ ਦੀ ਸੂਚੀ ਮੁਹੱਈਆ ਕਰਵਾਉਣ ਲਈ ਕਿਹਾ ਸੀ।  ਸੰਪਰਕ ਕਰਨ ’ਤੇ ਐੱਸਪੀ ਨੇ ਇਸ ਖ਼ਬਰ ੲੇਜੰਸੀ ਨੂੰ ਕਿਹਾ, ‘‘ਇਹ ਹਦਾਇਤਾਂ ਉਨ੍ਹਾਂ ਦੇ ਦਫ਼ਤਰ ਵੱਲੋਂ ਜਾਰੀ ਕੀਤੀਆਂ ਗਈਆਂ ਸਨ। ਇਹ ਗ਼ਲਤੀ ਮੇਰੇ ਵੱਲੋਂ ਹੋਈ ਹੈ। ਪੁਲੀਸ ਹੈੈੱਡਕੁਆਰਟਰ ਜਾਂ ਸੂਬਾ ਸਰਕਾਰ ਦਾ ਇਸ ਨਾਲ ਕੋਈ ਲਾਗਾ-ਦੇਗਾ ਨਹੀਂ ਹੈ। ਸੋਧ ਪੱਤਰ ਜਾਰੀ ਕਰਕੇ ਪੱਤਰ ਵਾਪਸ ਲੈ ਲਿਆ ਗਿਆ ਹੈ। ਸਾਰੇ ਪੱਤਰਕਾਰਾਂ ਦਾ ਸਵਾਗਤ ਹੈ।’’

You must be logged in to post a comment Login