ਪੱਤਰਕਾਰੀ ਦੀਆਂ ਕਿਸਮਾਂ ਤੇ ਮਹੱਤਵ

ਪ੍ਰੋ. ਕੁਲਬੀਰ ਸਿੰਘ
Mob. : 9417153513

ਪੱਤਰਕਾਰੀ ਬੜਾ ਵਿਸ਼ਾਲ ਖੇਤਰ ਹੈ। ਪ੍ਰਿੰਟ, ਪ੍ਰਸਾਰਨ, ਡਿਜ਼ੀਟਲ ਅਤੇ ਸ਼ੋਸ਼ਲ। ਅੱਗੋਂ ਇਸਦੀਆਂ ਫਿਰ ਕਈ ਕਿਸਮਾਂ ਹਨ। ਖੋਜੀ, ਨਿਊਜ਼, ਫੀਚਰ, ਕਾਲਮ, ਰੀਵਿਊ ਆਦਿ। ਪੱਤਰਕਾਰੀ ਦਾ ਮਨੋਰਥ ਖੋਜ-ਪੜਤਾਲ ਕਰਕੇ ਰਿਪੋਰਟ ਤਿਆਰ ਕਰਨਾ ਹੈ ਜਿਸ ਨਾਲ ਲੋਕਾਂ ਦਾ ਜੀਵਨ ਅਤੇ ਸਮਾਜ ਪ੍ਰਭਾਵਤ ਹੁੰਦਾ ਹੈ। ਪੱਤਰਕਾਰੀ ਦੀਆਂ ਉਪਰੋਕਤ ਵੱਖ-ਵੱਖ ਕਿਸਮਾਂ ਜੀਵਨ ਦੇ ਜੁਦਾ ਜੁਦਾ ਪਹਿਲੂਆਂ ʼਤੇ ਰੌਸ਼ਨੀ ਪਾਉਂਦਿਆਂ ਮਨੁੱਖ ਨੂੰ ਗਿਆਨ ਤੇ ਜਾਣਕਾਰੀ ਮੁਹੱਈਆ ਕਰਦੀਆਂ ਹਨ। ਖੋਜੀ ਪੱਤਰਕਾਰੀ: ਕਿਸੇ ਵਿਸ਼ੇ, ਕਿਸੇ ਖੇਤਰ ਬਾਰੇ ਡੂੰਘੀ ਖੋਜ ਕਰਕੇ ਵਿਸ਼ਾਲ ਦਰਸ਼ਕਾਂ, ਪਾਠਕਾਂ, ਸਰੋਤਿਆਂ ਸਾਹਮਣੇ ਪੇਸ਼ ਕਰਨ ਨੂੰ ਖੋਜੀ ਪੱਤਰਕਾਰੀ ਦਾ ਨਾਂ ਦਿੱਤਾ ਗਿਆ ਹੈ। ਇਹਦੇ ਲਈ ਪੱਤਰਕਾਰ ਤਰ੍ਹਾਂ-ਤਰ੍ਹਾਂ ਦੇ ਢੰਗ ਤਰੀਕੇ ਵਰਤਦਾ ਹੈ। ਰਿਪੋਰਟ ਤਿਆਰ ਕਰਦਾ ਹੈ ਅਤੇ ਆਪਣੇ ਵੱਲੋਂ ਨਿਸ਼ਕਰਸ਼ ਦਿੰਦਾ ਹੈ। ਇਹਦੇ ਲਈ ਲੰਮੀ ਤਿਆਰੀ, ਯੋਜਨਾ ਤੇ ਸਮਾਂ ਚਾਹੀਦਾ ਹੈ। ਇਹਦੇ ਲਈ ਇਮਾਨਦਾਰੀ, ਪ੍ਰਤੀਬੱਧਤਾ, ਮਰਯਾਦਾ ਤੇ ਕਦਰਾਂ-ਕੀਮਤਾਂ ਦੀ ਲੋੜ ਹੈ। ਅਜਿਹੀ ਪੱਤਰਕਾਰੀ ਦਾ ਆਪਣਾ ਵਿਸ਼ੇਸ਼ ਮਹੱਤਵ ਹੈ ਅਤੇ ਅਜੋਕੇ ਸਮਿਆਂ ਵਿਚ ਇਸਦੀ ਡਾਹਢੀ ਲੋੜ ਹੈ।
ਪ੍ਰਸਾਰਨ ਪੱਤਰਕਾਰੀ: ਰੇਡੀਓ ਤੇ ਟੈਲੀਵਿਜ਼ਨ ਰਾਹੀਂ ਆਪਣੀ ਗੱਲ ਕਹਿਣ ਨੂੰ ਬ੍ਰਾਡਕਾਸਟ ਪੱਤਰਕਾਰੀ ਕਿਹਾ ਜਾਂਦਾ ਹੈ। ਅੱਜ ਕਲ੍ਹ ਇਸਦਾ ਦਾਇਰਾ ਬਹੁਤ ਮੋਕਲਾ ਹੋ ਗਿਆ ਹੈ। ਖ਼ਬਰਾਂ, ਖੇਡਾਂ, ਮਨੋਰੰਜਨ, ਮੌਸਮ, ਆਵਾਜਾਈ ਪ੍ਰਬੰਧ ਆਦਿ ਇਸਦੀਆਂ ਅਨੇਕਾਂ ਸ਼ਾਖਾਵਾਂ ਹਨ। ਇਸ ਵਿਚ ਵੀਡੀਓ ਦੀ ਵਿਸ਼ੇਸ਼ ਭੂਮਿਕਾ ਹੈ। ਵੈਬ ਟੀ.ਵੀ., ਡਿਜ਼ੀਟਲ, ਮੀਡੀਆ, ਸ਼ੋਸ਼ਲ ਮੀਡੀਆ ਨੇ ਇਸਦੀ ਸੰਭਾਵਨਾਵਾਂ ਬਹੁਤ ਵਧਾ ਦਿੱਤੀਆਂ ਹਨ।
ਆਨਲਾਈਨ ਪੱਤਰਕਾਰੀ: ਇੰਟਰਨੈਟ ਦੀ ਵਰਤੋਂ ਕਰਦਿਆਂ ਡਿਜ਼ੀਟਲ ਅਖ਼ਬਾਰਾਂ, ਸ਼ੋਸ਼ਲ ਮੀਡੀਆ, ਬਲੌਗ ਆਦਿ ਦੁਨੀਆਂ ਭਰ ਵਿਚ ਉਪਲਬਧ ਹਨ ਪਰੰਤੂ ਇਨ੍ਹਾਂ ਦੇ ਸਰੋਤ ਹਮੇਸ਼ਾ ਭਰੋਸੇਯੋਗ ਨਹੀਂ ਹੁੰਦੇ। ਅਜਿਹੀ ਪੱਤਰਕਾਰੀ ਝੱਟਪਟ ਸੂਚਨਾ ਮੁਹੱਈਆ ਕਰਨ ਦੀ ਹੋੜ ਵਿਚ ਅਨੇਕਾਂ ਵਾਰ ਗ਼ਲਤ ਜਾਣਕਾਰੀ ਮੁਹੱਈਆ ਕਰ ਦਿੰਦੀ ਹੈ ਪਰੰਤੂ ਇੰਟਰਨੈਟ ਯੁਗ ਕਾਰਨ ਅਜਿਹੀ ਪੱਤਰਕਾਰੀ ਤੇਜ਼ੀ ਨਾਲ ਵਧ ਫੁੱਲ ਰਹੀ ਹੈ। ਇਸੇ ਦੀ ਆੜ ਵਿਚ ਜਾਅਲੀ ਖ਼ਬਰਾਂ ਅਤੇ ਅਫ਼ਵਾਹਾਂ ਫੈਲਾਉਣ ਦੇ ਮੌਕੇ ਮਿਲ ਰਹੇ ਹਨ।
ਵਾਚਡੌਗ ਪੱਤਰਕਾਰੀ: ਪੱਤਰਕਾਰੀ ਦੀ ਇਹ ਕਿਸਮ ਖੌਜੀ ਪੱਤਰਕਾਰੀ ਨਾਲ ਮਿਲਦੀ ਜੁਲਦੀ ਹੈ। ਇਸਦਾ ਮਨੋਰਥ ਗੈਰ-ਕਾਨੂੰਨੀ ਸਰਗਰਮੀਆਂ ਪ੍ਰਤੀ ਸਮਾਜ ਨੂੰ ਸੁਚੇਤ ਕਰਨਾ ਹੁੰਦਾ ਹੈ। ਤਾਕਤਵਰ ਅਦਾਰਿਆਂ, ਤਾਕਤਵਰ ਵਿਅਕਤੀਆਂ, ਸਿਆਸੀ ਨੇਤਾਵਾਂ, ਸਰਕਾਰਾਂ ਦੀਆਂ ਗ਼ਲਤ ਗਤੀਵਿਧੀਆਂ, ਗ਼ਲਤ ਨੀਤੀਆਂ ਨੂੰ ਉਜਾਗਰ ਕਰਨਾ ਹੁੰਦਾ ਹੈ। ਵੱਡੀਆਂ ਕੰਪਨੀਆਂ, ਕਾਰੋਬਾਰੀ ਘਰਾਣਿਆਂ ਦੇ ਉਨ੍ਹਾਂ ਫੈਸਲਿਆਂ ਨੂੰ ਲੋਕਾਂ ਵਿਚ ਲੈ ਕੇ ਜਾਣਾ ਜਿਨ੍ਹਾਂ ਦਾ ਸਮਾਜ ʼਤੇ ਦੁਰ-ਪ੍ਰਭਾਵ ਪੈਣ ਦੀ ਸੰਭਾਵਨਾ ਹੁੰਦੀ ਹੈ। ਅਜਿਹੀਆਂ ਧਿਰਾਂ ਨੂੰ, ਅਜਿਹੇ ਵਿਅਕਤੀਆਂ ਨੂੰ ਜਵਾਬਦੇਹ ਬਨਾਉਣਾ ਵਾਚਡੌਗ ਪੱਤਰਕਾਰੀ ਦਾ ਉਦੇਸ਼ ਹੁੰਦਾ ਹੈ।
ਰਾਏ ਅਧਾਰਤ ਪੱਤਰਕਾਰੀ: ਤੱਥਾਂ ਅੰਕੜਿਆਂ ਦਾ ਧਿਆਨ ਨਾ ਕਰਦਿਆਂ ਜਦ ਕੋਈ ਪੱਤਰਕਾਰ ਆਪਣੀ ਸਮਝ, ਆਪਣੀ ਰਾਏ, ਆਪਣੇ ਨਜ਼ਰੀਏ ਤੋਂ ਕੋਈ ਰਿਪੋਰਟ ਜਾਂ ਸਟੋਰੀ ਤਿਆਰ ਕਰਦਾ ਹੈ ਤਾਂ ਉਸਨੂੰ ਓਪੀਨੀਅਨ ਪੱਤਰਕਾਰੀ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ। ਇਹ ਹੋਰਨਾਂ ਕਿਸਮਾਂ ਤੋਂ ਅਲੱਗ ਤੇ ਨਿਵੇਕਲੀ ਪੱਤਰਕਾਰੀ ਹੁੰਦੀ ਹੈ ਕਿਉਂਕਿ ਇਸ ਵਿਚ ਲੇਖਕ, ਕਾਲਮਨਵੀਸ, ਪੱਤਰਕਾਰ ਆਪਣਾ ਵਿਊ ਪੁਆਇੰਟ ਸ਼ਾਮਲ ਕਰ ਸਕਦਾ ਹੈ। ਇਸੇ ਆਧਾਰ ʼਤੇ ਇਹ ਤੱਥਾਂ ਅੰਕੜਿਆਂ ਵਾਲੀ ਪੱਤਰਕਾਰੀ ਤੋਂ ਵੱਖਰੀ ਨਜ਼ਰ ਆਉਂਦੀ ਹੈ। ਅਜਿਹੀ ਪੱਤਰਕਾਰੀ ਸਦਕਾ ਪਾਠਕ, ਦਰਸ਼ਕ ਨੂੰ ਆਪਣਾ ਨਜ਼ਰੀਆ, ਆਪਣੀ ਸੋਚ ਉਸਾਰਨ ਵਿਚ ਮਦਦ ਮਿਲਦੀ ਹੈ। ਅਜਿਹੇ ਪੱਤਰਕਾਰਾਂ ਦੀ ਰਾਏ ਪਾਠਕ ਦਰਸ਼ਕ ਨਾਲ ਮਿਲਦੀ ਵੀ ਹੋ ਸਕਦੀ ਹੈ, ਉਨ੍ਹਾਂ ਤੋਂ ਵੱਖਰੀ ਵੀ ਹੋ ਸਕਦੀ ਹੈ।
ਖੇਡ ਪੱਤਰਕਾਰੀ: ਖੇਡਾਂ, ਖਿਡਾਰੀਆਂ ਸਬੰਧੀ ਖ਼ਬਰਾਂ ਤਿਆਰ ਕਰਨ ਨੂੰ ਖੇਡ ਪੱਤਰਕਾਰੀ ਕਿਹਾ ਜਾਂਦਾ ਹੈ। ਇਹ ਪੱਤਰਕਾਰੀ ਖੋਜੀ ਕਿਸਮ ਦੀ ਵੀ ਹੋ ਸਕਦੀ ਹੈ, ਰਾਏ ਆਧਾਰਿਤ ਵੀ ਹੋ ਸਕਦੀ ਹੈ। ਅਖ਼ਬਾਰਾਂ ਲਈ, ਰੇਡੀਓ ਲਈ, ਟੈਲੀਵਿਜ਼ਨ ਲਈ ਇਸ ਪੱਤਰਕਾਰੀ ਦਾ ਇਕੋ ਜਿਹਾ ਮਹੱਤਵ ਹੈ। ਰੇਡੀਓ, ਟੀ.ਵੀ. ਅਤੇ ਡਿਜ਼ੀਟਲ ਮੀਡੀਆ ਲਈ ਖੇਡ-ਕਮੈਂਟਰੀ ਕਰਨਾ, ਖੇਡ ਪੱਤਰਕਾਰੀ ਦੀ ਹੀ ਇਕ ਕਿਸਮ, ਇਕ ਸ਼ਾਖਾ ਹੈ। ਅਖ਼ਬਾਰਾਂ ਨੇ ਖੇਡ ਸਬੰਧੀ ਖ਼ਬਰਾਂ ਲਈ ਵੱਖਰੇ ਪੰਨੇ ਨਿਸ਼ਚਤ ਕੀਤੇ ਹੁੰਦੇ ਹਨ। ਵੱਡੇ ਖੇਡ-ਮੁਕਾਬਲਿਆਂ ਸਮੇਂ ਖੇਡ-ਪੱਤਰਕਾਰੀ, ਖੇਡ-ਪ੍ਰਸਾਰਨ ਦਾ ਜਨੂੰਨ ਵੇਖਣ ਵਾਲਾ ਹੁੰਦਾ ਹੈ।
ਮਨੋਰੰਜਨ ਪੱਤਰਕਾਰੀ: ਮਨੋਰੰਜਨ ਕਾਰੋਬਾਰ, ਫ਼ਿਲਮਾਂ, ਟੈਲੀਵਿਜ਼ਨ, ਕਿਤਾਬਾਂ, ਵੱਖ-ਵੱਖ ਤਰ੍ਹਾਂ ਦੇ ਸਮਾਗਮਾਂ ਸਮਾਰੋਹਾਂ ਅਤੇ ਫ਼ਿਲਮ-ਟੈਲੀਵਿਜ਼ਨ ਹਸਤੀਆਂ ਸਬੰਧੀ ਲਿਖਣ, ਰਿਪੋਰਟਿੰਗ ਕਰਨ ਨੂੰ ਮਨੋਰੰਜਨ ਪੱਤਰਕਾਰੀ ਕਿਹਾ ਜਾਂਦਾ ਹੈ। ਫ਼ਿਲਮ ਰੀਵਿਊ ਅਤੇ ਐਵਾਰਡਜ਼ ਸਮਾਰੋਹ ਨੂੰ ਕਵਰ ਕਰਨਾ ਵੀ ਇਸੇ ਸ਼੍ਰੇਣੀ ਵਿਚ ਆਉਂਦਾ ਹੈ। ਮਨੋਰੰਜਨ ਉਦਯੋਗ ਨਾਲ ਜੁੜੀਆਂ ਖ਼ਬਰਾਂ ਇਸਦਾ ਮੁਖ ਆਕਰਸ਼ਨ ਰਹਿੰਦਾ ਹੈ। ਪ੍ਰਿੰਟ ਮੀਡੀਆ, ਪ੍ਰਸਾਰਨ ਮੀਡੀਆ, ਡਿਜ਼ੀਟਲ ਮੀਡੀਆ, ਸ਼ੋਸ਼ਲ ਮੀਡੀਆ ਲਈ ਇਸਦਾ ਬਹੁਤ ਮਹੱਤਵ ਹੈ ਕਿਉਂਕਿ ਇਸ ਸ਼੍ਰੇਣੀ ਨਾਲ ਜੁੜੇ ਦਰਸ਼ਕਾਂ, ਪਾਠਕਾਂ, ਸਰੋਤਿਆਂ ਦੀ ਵਿਸ਼ਾਲ ਗਿਣਤੀ ਹੈ।
ਟਰੇਡ ਪੱਤਰਕਾਰੀ: ਕਾਰੋਬਾਰੀ ਖੇਤਰ ਵਿਚ ਵਾਪਰਨ ਵਾਲੀ ਹਿਲਜੁਲ, ਹੋਣ ਵਾਲੀਆਂ ਸਰਗਰਮੀਆਂ ਨੂੰ ਕਵਰ ਕਰਨਾ ਟਰੇਡ ਪੱਤਰਕਾਰੀ ਕਹਾਉਂਦਾ ਹੈ। ਉਹ ਸਰਗਰਮੀਆਂ, ਉਹ ਫ਼ੈਸਲੇ, ਉਹ ਹਿਲਜੁਲ ਜਿਹੜੀ ਸਿੱਧੇ-ਅਸਿੱਧੇ ਢੰਗ ਮਨੁੱਖ ਤੇ ਸਮਾਜ ਨੂੰ ਪ੍ਰਭਾਵਤ ਕਰਦੀ ਹੈ। ਪੈਟਰੌਲ, ਡੀਜ਼ਲ, ਖੇਤੀਬਾੜੀ, ਟ੍ਰੈਵਲ, ਆਰਥਿਕ ਅਤੇ ਸਿਹਤ ਸੇਵਾਵਾਂ ਨਾਲ ਜੁੜੀਆਂ ਖ਼ਬਰਾਂ ਨੂੰ ਵੀ ਇਸੇ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ। ਕਾਰੋਬਾਰ ਦੀ ਬਜ਼ਾਰੀ ਸਥਿਤੀ ʼਤੇ ਨਜ਼ਰ ਰੱਖਣਾ ਇਸੇ ਪੱਤਰਕਾਰੀ ਦੀ ਜ਼ਿੰਮੇਵਾਰੀ ਹੈ।
ਰਾਜਨੀਤਕ ਪੱਤਰਕਾਰੀ: ਸਰਕਾਰਾਂ, ਸਿਆਸਤ ਅਤੇ ਸਿਆਸੀ ਨੇਤਾਵਾਂ ਤੇ ਕੇਂਦਰਤ ਪੱਤਰਕਾਰੀ ਨੂੰ ਇਸ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ। ਸਥਾਨਕ, ਸ੍ਵਬਾਹੀ, ਕੌਮੀ, ਤੇ ਕੌਮਾਂਤਰੀ ਰਾਜਨੀਤੀ ਨੂੰ ਕਵਰ ਕਰਨਾ ਇਸਦਾ ਮੁੱਖ ਮਨੋਰਥ ਹੁੰਦਾ ਹੈ। ਸਰਕਾਰੀਰ ਨੀਤੀਆਂ, ਸਰਕਾਰੀ ਕੰਮ-ਕਾਰ ਅਤੇ ਉਸ ਕੰਮ-ਕਾਰ ਦੇ ਨਤੀਜਿਆਂ ਦਾ ਲੇਖਾ ਜੋਖਾ ਕਰਨਾ ਵੀ ਰਾਜਨੀਤਕ ਪੱਤਰਕਾਰੀ ਦੀ ਜ਼ਿੰਮੇਵਾਰੀ ਹੈ। ਇਹ ਸਾਰੀ ਜਾਣਕਾਰੀ ਅਖ਼ਬਾਰਾਂ, ਟੈਲੀਵਿਜ਼ਨ, ਰੇਡੀਓ ਅਤੇ ਡਿਜ਼ੀਟਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣਾ ਵੀ ਇਸਦਾ ਮਕਸਦ ਹੈ। ਉਪਰੋਕਤ ਤੋਂ ਸਪਸ਼ਟ ਹੈ ਕਿ ਮੀਡੀਆ ਮਹੱਤਵਪੂਰਨ ਹੈ, ਤਾਕਤਵਰ ਹੈ ਪਰੰਤੂ ਉਸਦੇ ਸਿਰ ʼਤੇ ਵੱਡੀ ਜ਼ਿੰਮੇਵਾਰੀ ਵੀ ਹੈ।

You must be logged in to post a comment Login