ਪੱਤਰਕਾਰ ਛਤਰਪਤੀ ਕਤਲ ਮਾਮਲੇ ‘ਚ ਡੇਰਾ ਮੁਖੀ ਨੂੰ ਉਮਰਕੈਦ

ਪੱਤਰਕਾਰ ਛਤਰਪਤੀ ਕਤਲ ਮਾਮਲੇ ‘ਚ ਡੇਰਾ ਮੁਖੀ ਨੂੰ ਉਮਰਕੈਦ

ਚੰਡੀਗੜ੍ਹ, 17 ਜਨਵਰੀ – ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ ਅੱਜ ਜੱਜ ਜਗਦੀਪ ਸਿੰਘ ਨੇ ਫਿਰ ਤੋਂ ਇੱਕ ਵੱਡਾ ਝਟਕਾ ਦਿੱਤਾ।ਡੇਰਾ ਮੁਖੀ ਰਾਮ ਰਹੀਮ ਨੂੰ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਪੱਤਰਕਾਰ ਛਤਰਪਤੀ ਕਤਲ ਮਾਮਲੇ ‘ਚ ਉਮਰਕੈਦ ਦੀ ਸਜ਼ਾ ਦੇ ਨਾਲ-ਨਾਲ ਪੰਜਾਹ ਹਜ਼ਾਰ ਦਾ ਜ਼ੁਰਮਾਨਾ ਵੀ ਠੋਕਿਆ ਹੈ। ਜਦਕਿ ਰਾਮ ਰਹੀਮ ਦੇ ਨਾਲ ਤਿੰਨ ਹੋਰਨਾਂ ਕੁਲਦੀਪ ਸਿੰਘ, ਨਿਰਮਲ ਸਿੰਘ ਤੇ ਕ੍ਰਿਸ਼ਨ ਲਾਲ ਨੂੰ ਵੀ ਕੋਰਟ ਨੇ ਉਮਰਕੈਦ ਦੀ ਸਜ਼ਾ ਦਿੱਤੀ ਹੈ। ਰਾਮ ਰਹੀਮ ਨੂੰ ਪਹਿਲੇ ਕੇਸ ‘ਚ ਮਿਲੀ ਵੀਹ ਸਾਲਾ ਸਜ਼ਾ ਪੂਰੀ ਹੋਣ ਉਪਰੰਤ ਹੀ ਉਮਰਕੈਦ ਦੀ ਸਜ਼ਾ ਸ਼ੁਰੂ ਹੋਵੇਗੀ।
ਇਸ ਤੋਂ ਪਹਿਲਾਂ 11 ਜਨਵਰੀ ਨੂੰ ਰਾਮ ਰਹੀਮ ਅਤੇ ਤਿੰਨ ਹੋਰਨਾਂ ਨੂੰ ਸੀਬੀਆਈ ਅਦਾਲਤ ਨੇ ਮੁਜਰਮ ਕਰਾਰ ਦਿੱਤਾ ਸੀ। ਜਾਣਕਾਰੀ ਮੁਤਾਬਕ ਸੁਣਵਾਈ ਦੌਰਾਨ ਰਾਮ ਰਹੀਮ ਨੂੰ ਵੀ ਆਪਣਾ ਪੱਖ ਰੱਖਣ ਦਾ ਸਮਾਂ ਦਿੱਤਾ ਗਿਆ, ਪਰ ਰਾਮ ਰਹੀਮ ਵੱਲੋਂ ਆਪਣੇ ਵਕੀਲ ਨੂੰ ਹੀ ਬੋਲਣ ਲਈ ਕਿਹਾ ਗਿਆ। ਰਾਮ ਰਹੀਮ ਦੇ ਵਕੀਲ ਨੇ ਬੋਲਦਿਆਂ ਕਿਹਾ ਕਿ ਡੇਰਾ ਮੁਖੀ ਦੀ ਉਮਰ ਨੂੰ ਦੇਖਦਿਆਂ ਉਸ’ਤੇ ਰਹਿਮ ਕਰਨਾ ਚਾਹੀਦਾ ਹੈ, ਪਰ ਸੀਬੀਆਈ ਵੱਲੋਂ ਰਾਮ ਰਹੀਮ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਅਪੀਲ ਕੀਤੀ ਗਈ। ਸੀ.ਬੀ.ਆਈ. ਕੋਰਟ ‘ਚ ਸੁਣਵਾਈ ਦੇ ਦੌਰਾਨ ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ। ਇਸ ਦੇ ਨਾਲ ਹੀ ਡੇਰਾ ਮੁਖੀ ਰਾਮ ਰਹੀਮ ਨੂੰ ਦਿੱਤੀ ਗਈ ਸੁਰੱਖਿਆ ‘ਚ ਹੋਏ ਖ਼ਰਚ ਦਾ ਮੁਆਵਜ਼ਾ ਵੀ ਕੋਰਟ ‘ਚ ਮੰਗ ਕੀਤੀ। ਸੀਬੀਆਈ ਨੇ ਕਿਹਾ ਕਿ ਰਾਮ ਰਹੀਮ ਦੇ ਲੱਖਾਂ ਸ਼ਰਧਾਲੂ ਹਨ ਅਤੇ ਉਸਨੇ ਕਿੰਨਿਆਂ ਦਾ ਕਤਲ ਅਤੇ ਯੌਨ ਸੋਸ਼ਣ ਕੀਤਾ ਹੈ। ਹੋਰ ਤੇ ਹੋਰ ਰਾਮ ਰਹੀਮ ਨੂੰ ਹੁਣ ਤੱਕ ਦਿੱਤੀ ਗਈ ਸੁਰੱਖਿਆ ਦਾ ਖਰਚ ਵੀ ਵਸੂਲਣ ਦੀ ਗੱਲ ਕਹੀ ਗਈ। ਦੱਸ ਦੇਈਏ ਕਿ ਰਾਮ ਰਹੀਮ ਅਤੇ ੩ ਹੋਰਨਾਂ ਨੂੰ ਸਜ਼ਾ ਐਲਾਨ ਵੀਡੀੳ ਕਾਨਫਰੰਸਿੰਗ ਰਾਹੀਂ ਹੋਇਆ ਹੈ।

You must be logged in to post a comment Login