ਫਲੋਰਿਡਾ ਗੋਲਫ਼ ਕਲੱਬ ਵਿਚ ਟਰੰਪ ਦੀ ਹੱਤਿਆ ਦੀ ਕੋੋਸ਼ਿਸ਼

ਫਲੋਰਿਡਾ ਗੋਲਫ਼ ਕਲੱਬ ਵਿਚ ਟਰੰਪ ਦੀ ਹੱਤਿਆ ਦੀ ਕੋੋਸ਼ਿਸ਼

ਵੈਸਟ ਪਾਮ ਬੀਚ (ਅਮਰੀਕਾ), 16 ਸਤੰਬਰ- ਅਮਰੀਕੀ ਜਾਂਚ ਏਜੰਸੀ ਐੱਫ਼ਬੀਆਈ ਨੇ ਕਿਹਾ ਕਿ ਫਲੋਰਿਡਾ ਦੇ ਵੈਸਟ ਪਾਮ ਬੀਚ ਵਿੱਚ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਗੋਲਫ਼ ਕਲੱਬ ਵਿਚ ਉਨ੍ਹਾਂ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਕਰੀਬ 9 ਹਫ਼ਤੇ ਪਹਿਲਾਂ ਇੱਕ ਬੰਦੂਕਧਾਰੀ ਵੱਲੋਂ 13 ਜੁਲਾਈ ਨੂੰ ਇਕ ਰੈਲੀ ਦੌਰਾਨ ਟਰੰਪ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਬਾਰੀ ਕੀਤੀ ਗਈ ਸੀ। ਹਾਲ ਹੀ ਦੀ ਘਟਨਾ ਵਿਚ ਟਰੰਪ ਜਿੱਥੇ ਗੋਲਫ ਖੇਡ ਰਿਹਾ ਸੀ ਉੱਥੋਂ ਕੁੱਝ ਦੂਰੀ ’ਤੇ ਲੁਕ ਕੇ ਬੈਠੇ ਅਮਰੀਕੀ ਸਿਕਰੇਟ ਸਰਵਿਸ ਦੇ ਏਜੰਟ ਨੇ ਦੇਖਿਆ ਕਿ 400 ਗਜ਼ ਦੀ ਦੂਰੀ ’ਤੇ ਝਾੜੀਆਂ ਵਿਚ ਇੱਕ ਏਕੇ ਸ਼ੈਲੀ ਰਾਈਫਲ ਦੀ ਨਾਲੀ ਦਿਖ ਰਹੀ ਸੀ, ਜਿਸ ’ਤੇ ਏਜੰਟ ਵੱਲੋਂ ਗੋਲੀ ਚਲਾਉਣ ’ਤੇ ਬੰਦੂਕਧਾਰੀ ਰਾਈਫ਼ਲ ਛੱਡ ਕੇ ਫ਼ਰਾਰ ਹੋ ਗਿਆ ਪਰ ਬਾਅਦ ਵਿਚ ਅਧਿਕਾਰੀ ਨੇ ਉਸਨੂੰ ਕਾਬੂ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ਤੋਂ ਦੋ ਬੈਗ, ਨਿਸ਼ਾਨਾ ਲਗਾਉਣ ਲਈ ਵਰਤੀ ਜਾਣ ਵਾਲੀ ਦੂਰਬੀਨ ਅਤੇ ਕੈਮਰਾ ਵੀ ਮਿਲੇ ਹਨ। ਟਰੰਪ ਨੇ ਆਪਣੇ ਸਮਰਥਕਾਂ ਨੂੰ ਕਿਹਾ, ‘‘ਮੈਂ ਠੀਕ ਹਾਂ ਅਤੇ ਮੈਨੂੰ ਕੋਂਈ ਚੀਜ਼ ਨਹੀਂ ਰੋਕ ਸਕਦੀ।’’ ਅਧਿਕਾਰੀਆਂ ਨੇ ਆਪਣਾ ਨਾਮ ਨਾ ਛਾਪਣੇ ਦੀ ਸ਼ਰਤ ’ਤੇ ਦੱਸਿਆ ਕਿ ਹਿਰਾਸਤ ਵਿਚ ਲਏ ਗਏ ਵਿਅਕਤੀ ਦਾ ਨਾਂ ਰਿਆਨ ਰਾਉਥ ਹੈ।

You must be logged in to post a comment Login