ਰੋਹਿਤ ਦੀ ਯੋਗ ਅਗਵਾਈ ਨੇ ਭਾਰਤ ਨੂੰ ਬਣਾਇਆ ਚੈਂਪੀਅਨ

ਰੋਹਿਤ ਦੀ ਯੋਗ ਅਗਵਾਈ ਨੇ ਭਾਰਤ ਨੂੰ ਬਣਾਇਆ ਚੈਂਪੀਅਨ

ਦੁਬਈ, 9 ਮਾਰਚ- ਸਪਿੰਨਰਾਂ ਦੀ ਸ਼ਾਨਦਾਰ ਗੇਂਦਬਾਜ਼ੀ ਮਗਰੋਂ ਰੋਹਿਤ ਸ਼ਰਮਾ ਦੀ ਧਮਾਕੇਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਰਿਕਾਰਡ ਤੀਜੀ ਵਾਰ ਚੈਂਪੀਅਨਜ਼ ਟਰਾਫੀ ਆਪਣੇ ਨਾਂ ਕੀਤੀ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਟੀ-20 ਵਿਸ਼ਵ ਕੱਪ-2024 ਜਿੱਤਣ ਤੋਂ ਬਾਅਦ ਭਾਰਤ ਨੇ ਦੂਜਾ ਆਈਸੀਸੀ ਖਿਤਾਬ ਜਿੱਤਿਆ ਹੈ। ਭਾਰਤ ਨੇ ਟੂਰਨਾਮੈਂਟ ’ਚ ਇੱਕ ਵੀ ਮੈਚ ਗੁਆਏ ਬਿਨਾਂ 2002 ਤੇ 2013 ਤੋਂ ਬਾਅਦ ਤੀਜੀ ਵਾਰ ਖਿਤਾਬ ਹਾਸਲ ਕੀਤਾ ਹੈ। ਹੋਰ ਕੋਈ ਵੀ ਟੀਮ ਤਿੰਨ ਵਾਰ ਇਹ ਟਰਾਫੀ ਨਹੀਂ ਜਿੱਤ ਸਕੀ। ਰੋਹਿਤ ਸ਼ਰਮਾ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਸਪਿੰਨਰ ਕੁਲਦੀਪ ਯਾਦਵ ਤੇ ਵਰੁਣ ਚਕਰਵਰਤੀ ਨੇ ਹਾਲਾਤ ਦਾ ਫਾਇਦਾ ਉਠਾਉਂਦਿਆਂ ਬਿਹਤਰੀਨ ਗੇਂਦਬਾਜ਼ੀ ਕੀਤੀ ਪਰ ਡੈਰਿਲ ਮਿਸ਼ੇਲ ਤੇ ਮਾਈਕਲ ਬ੍ਰੇਸਵੈੱਲ ਨੇ ਸੰਜਮ ਨਾਲ ਨੀਮ ਸੈਂਕੜੇ ਜੜਦਿਆਂ ਨਿਊਜ਼ੀਲੈਂਡ ਦੀ ਟੀਮ ਨੇ ਸੱਤ ਵਿਕਟਾਂ ’ਤੇ 251 ਦੌੜਾਂ ਦਾ ਮਜ਼ਬੂਤ ਸਕੋਰ ਦਿੱਤਾ। ਰੋਹਿਤ ਸ਼ਰਮਾ ਨੇ 83 ਗੇਂਦਾਂ ’ਚ 76 ਦੌੜਾਂ ਬਣਾ ਕੇ ਜਿੱਤ ਦੀ ਨੀਂਹ ਰੱਖੀ ਤੇ ਭਾਰਤ ਨੇ ਇੱਕ ਓਵਰ ਬਾਕੀ ਰਹਿੰਦਿਆਂ ਛੇ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਕੇਐੱਲ ਰਾਹੁਲ ਨੇ ਫਿਨਿਸ਼ਰ ਦੀ ਭੂਮਿਕਾ ਨਿਭਾਉਂਦਿਆਂ ਨਾਬਾਦ 34 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ 31 ਦੌੜਾਂ ਬਣਾਈਆਂ ਤੇ ਪਹਿਲੀ ਵਿਕਟ ਲਈ ਰੋਹਿਤ ਨਾਲ ਮਿਲ ਕੇ 105 ਦੌੜਾਂ ਜੋੜੀਆਂ। ਵਿਰਾਟ ਕੋਹਲੀ ਸਿਰਫ਼ ਇੱਕ ਦੌੜ ਹੀ ਬਣਾ ਸਕਿਆ। ਸ਼੍ਰੇਅਸ ਅਈਅਰ ਨੇ 48 ਤੇ ਅਕਸ਼ਰ ਪਟੇਲ ਨੇ 29 ਦੌੜਾਂ ਦਾ ਯੋਗਦਾਨ ਪਾਇਆ।

You must be logged in to post a comment Login