ਵੈਨਕੂਵਰ, 17 ਜੂਨ : ਪੀਲ ਪੁਲੀਸ ਨੇ ਪ੍ਰੋਜੈਕਟ ਆਊਟਸੋਰਸ ਅਧੀਨ ਲੰਮੀ ਜਾਂਚ ਪੜਤਾਲ ਤੋਂ ਬਾਅਦ ਫਿਰੌਤੀਆਂ, ਲੁੱਟਮਾਰ, ਚੋਰੀਆਂ ਤੇ ਧੋਖਾਧੜੀ ਕਰਨ ਵਾਲੇ ਦੋ ਗਰੋਹਾਂ ਦੇ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ 16 ਭਾਰਤੀ ਮੂਲ ਦੇ ਅਤੇ ਇੱਕ ਔਰਤ ਸ਼ਾਮਲ ਹੈ। ਇਨ੍ਹਾਂ ਤੋਂ ਕਰੀਬ 27 ਕਰੋੜ ਰੁਪਏ (42 ਲੱਖ ਡਾਲਰ) ਦਾ ਸਮਾਨ ਬਰਾਮਦ ਕੀਤਾ ਗਿਆ, ਜੋ ਇਨ੍ਹਾਂ ਨੇ ਵੱਖ ਵੱਖ ਅਪਰਾਧ ਕਰ ਕੇ ਇਕੱਠਾ ਕੀਤਾ ਸੀ। ਪੀਲ ਅਤੇ ਛੇ ਹੋਰਨਾਂ ਖੇਤਰਾਂ ਵਿੱਚ ਦਰਜ 97 ਅਪਰਾਧਿਕ ਮਾਮਲਿਆਂ ਵਿੱਚ ਨਾਮਜ਼ਦ ਕਰਕੇ ਦੋਸ਼ ਪੱਤਰ ਤਿਆਰ ਕੀਤਾ ਗਿਆ ਹੈ। ਕਾਬੂ ਕੀਤੇ ਗਏ ਡੇਢ ਦਰਜਨ ਮੁਲਜ਼ਮਾਂ ਵਿਚੋਂ ਅੱਧੇ ਕੁ ਪਹਿਲਾਂ ਹੀ ਹੋਰਨਾਂ ਅਪਰਾਧਿਕ ਮਾਮਲਿਆਂ ਵਿਚ ਜ਼ਮਾਨਤ ’ਤੇ ਸਨ। ਜਾਂਚ ਪੂਰੀ ਹੋਣ ਤੱਕ ਉਨ੍ਹਾਂ ਤੋਂ ਹੋਰ ਪੁੱਛਗਿੱਛ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲੀਸ ਚੀਫ ਨਿਸ਼ਾਨ ਦੁਰੈਫਾ ਨੇ ਭਰੋਸਾ ਪ੍ਰਗਟਾਇਆ ਹੈ ਕਿ ਗਰੋਹ ਦੇ ਮੈਂਬਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਵਾਹਨ ਚੋਰੀ ਅਤੇ ਨਜਾਇਜ਼ ਬੀਮਾ ਕਲੇਮ ਘਟਣਗੇ। ਕਾਬੂ ਕੀਤੇ ਭਾਰਤੀ ਮੂਲ ਦੇ ਮੁਲਜ਼ਮਾਂ ਦੀ ਪਛਾਣ ਗਰੋਹ ਦੇ ਮੁਖੀ ਇੰਦਰਜੀਤ ਧਾਮੀ (38), ਪ੍ਰੀਤੋਸ਼ ਚੋਪੜਾ (32), ਗੁਰਬਿੰਦਰ ਸਿੰਘ (28), ਕੁਲਵਿੰਦਰ ਪੁਰੀ (25), ਪਰਮਿੰਦਰ ਪੁਰੀ (31), ਇੰਦਰਜੀਤ ਬੱਲ (29), ਵਰੁਣ ਔਲ (31), ਕੇਤਨ ਚੋਪੜਾ (30), ਪਵਨਦੀਪ ਸਿੰਘ (25), ਦਿਪਾਂਸ਼ੂ ਗਰਗ (24), ਰਾਹੁਲ ਵਰਮਾ (27), ਕਰਨ ਬੋਪਾਰਾਏ (26), ਮਨਕੀਰਤ ਬੋਪਾਰਾਏ (22), ਸਿਮਰ ਬੋਪਾਰਾਏ (21), ਜੋਵਨ ਸਿੰਘ (23) ਤੇ ਅਭਿਨਵ ਭਾਰਦਵਾਜ (25) ਵਜੋਂ ਦੱਸੀ ਗਈ ਹੈ। ਇਹ ਸਾਰੇ ਬਰੈਂਪਟਨ ਵਾਸੀ ਹਨ।ਜਾਣਕਾਰੀ ਅਨੁਸਾਰ ਫੜੇ ਗਏ ਮੁਲਜ਼ਮਾਂ ’ਚੋਂ ਕੁਝ ਸਮਾਜਿਕ ਸੇਵਾਦਾਰ ਵਜੋਂ ਵਿਚਰਦੇ ਸਨ। ਉਹ ਅਕਸਰ ਲੰਗਰ ਲਾਉਂਦੇ ਅਤੇ ਆਪਣੇ ਸੋਸ਼ਲ ਮੀਡੀਆ ਖਾਤਿਆਂ ’ਤੇ ਵੀਡੀਓ ਪਾਉਂਦੇ ਸਨ। ਪੁਲੀਸ ਅਧਿਕਾਰੀ ਅਨੁਸਾਰ ਇਨ੍ਹਾਂ ਤੋਂ 18 ਟੋਅ ਟਰੱਕ, 4 ਮਹਿੰਗੀਆਂ ਲਗਜ਼ਰੀ ਕਾਰਾਂ, 5 ਹੋਰ ਵਾਹਨ, 6 ਨਜਾਇਜ਼ ਬੰਦੂਕਾਂ, 2 ਬੁਲੇਟ ਪਰੂਫ ਜੈਕਟਾਂ ਸਮੇਤ ਕਈ ਛੋਟੇ ਮਾਰੂ ਹਥਿਆਰ ਅਤੇ 586 ਗੋਲੀਆਂ ਸਮੇਤ 45 ਹਜ਼ਾਰ ਡਾਲਰ ਦੀ ਨਕਦੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਗਰੋਹ ਸਰਟੀਫਾਈਡ ਰੋਡਸਾਈਡ ਅਤੇ ਹੰਬਲ ਰੋਡਸਾਈਡ ਨਾਂਅ ਦੀਆਂ ਟੋਅ ਕੰਪਨੀਆਂ ਚਲਾਉਂਦੇ ਸਨ ਤੇ ਟੋਅ ਕੀਤੇ ਵਾਹਨ ਦਾ ਰਸਤੇ ’ਚ ਐਕਸੀਡੈਂਟ ਦਿਖਾ ਕੇ ਲੱਖਾਂ ਡਾਲਰਾਂ ਦਾ ਕਲੇਮ ਲੈਣ ਵਿੱਚ ਸਫਲ ਹੁੰਦੇ ਰਹੇ। ਉਨ੍ਹਾਂ ਦੱਸਿਆ ਕਿ ਗਰੋਹ ਮੈਂਬਰ ਵਪਾਰੀਆਂ ਨੂੰ ਫਿਰੌਤੀ ਕਾਲਾਂ ਕਰਕੇ ਮੋਟੀਆਂ ਰਕਮਾਂ ਮੰਗਦੇ ਤੇ ਨਾ ਦੇਣ ’ਤੇ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਕਾਲ ਦੀ ਪ੍ਰਵਾਹ ਨਾ ਕਰਨ ਵਾਲਿਆਂ ’ਤੇ ਉਹ ਗੋਲੀਬਾਰੀ ਵੀ ਕਰਦੇ ਸਨ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login