ਫੀਫਾ ਨੇ ਭਾਰਤ ’ਤੇ ਪਾਬੰਦੀ ਲਗਾਈ ਤੇ ਅੰਡਰ-17(ਲੜਕੀਆਂ) ਵਿਸ਼ਵ ਕੱਪ ਦੀ ਮੇਜ਼ਬਾਨੀ ਖੋਹੀ

ਫੀਫਾ ਨੇ ਭਾਰਤ ’ਤੇ ਪਾਬੰਦੀ ਲਗਾਈ ਤੇ ਅੰਡਰ-17(ਲੜਕੀਆਂ) ਵਿਸ਼ਵ ਕੱਪ ਦੀ ਮੇਜ਼ਬਾਨੀ ਖੋਹੀ

ਨਵੀਂ ਦਿੱਲੀ, 16 ਅਗਸਤ- ਵਿਸ਼ਵ ਫੁਟਬਾਲ ਦੀ ਸਿਖਰਲੀ ਗਵਰਨਿੰਗ ਬਾਡੀ ਫੀਫਾ ਨੇ ਅੱਜ ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਨੂੰ ‘ਤੀਜੀ ਧਿਰ ਦੀ ਗ਼ੈਰਜ਼ਰੂਰੀ ਦਖਲਅੰਦਾਜ਼ੀ’ ਦਾ ਹਵਾਲਾ ਦਿੰਦੇ ਹੋਏ ਮੁਅੱਤਲ ਕਰ ਦਿੱਤਾ ਅਤੇ ਅਕਤੂਬਰ ਵਿੱਚ ਹੋਣ ਵਾਲੇ ਅੰਡਰ-17 (ਲੜਕੀਆਂ)ਵਿਸ਼ਵ ਕੱਪ ਦੀ ਮੇਜ਼ਬਾਨੀ ਖੋਹ ਲਈ ਹੈ। ਆਪਣੇ 85 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਫੀਫਾ ਨੇ ਏਆਈਐੱਫਐੱਫ ਉੱਤੇ ਪਾਬੰਦੀ ਲਗਾਈ ਹੈ।

ਕੀ ਹੈ ਮਾਮਲਾ:ਸੁਪਰੀਮ ਕੋਰਟ ਨੇ ਦਸੰਬਰ 2020 ਤੋਂ ਚੋਣਾਂ ਨਾ ਕਰਵਾਉਣ ਲਈ 18 ਮਈ ਨੂੰ ਪ੍ਰਫੁੱਲ ਪਟੇਲ ਨੂੰ ਏਆਈਐੱਫਐੱਫ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਅਤੇ ਏਆਈਐਫਐਫ ਨੂੰ ਚਲਾਉਣ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਏਆਰ ਦਵੇ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਬਣਾਈ ਗਈ ਸੀ। ਸੀਓਏ ਨੂੰ ਰਾਸ਼ਟਰੀ ਖੇਡ ਸੰਹਿਤਾ ਅਤੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਏਆਈਐਫਐਫ ਦੇ ਸੰਵਿਧਾਨ ਨੂੰ ਬਣਾਉਣ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਸੀ।ਫੀਫਾ ਨੇ ਕਿਹਾ ਹੈ ਕਿ ਮੁਅੱਤਲੀ ਉਦੋਂ ਹੀ ਹਟਾਈ ਜਾਵੇਗੀ ਜਦੋਂ ਏਆਈਐੱਫਐੱਫ ਕਾਰਜਕਾਰੀ ਕਮੇਟੀ ਨੂੰ ਪ੍ਰਸ਼ਾਸਕਾਂ ਦੀ ਕਮੇਟੀ ਨਾਲ ਬਦਲਣ ਦਾ ਫੈਸਲਾ ਵਾਪਸ ਲੈ ਲਿਆ ਜਾਵੇਗਾ ਅਤੇ ਏਆਈਐੱਫਐੱਫ ਪ੍ਰਸ਼ਾਸਨ ਨੂੰ ਫੈਡਰੇਸ਼ਨ ਦੇ ਰੋਜ਼ਾਨਾ ਦੇ ਮਾਮਲਿਆਂ ਦਾ ਪੂਰਾ ਨਿਯੰਤਰਣ ਦਿੱਤਾ ਜਾਵੇਗਾ।

You must be logged in to post a comment Login