ਫੌਜ ਵਾਪਸ ਨਹੀਂ ਲਵੇਗੀ ਅਗਨੀਪਥ ਯੋਜਨਾ

ਫੌਜ ਵਾਪਸ ਨਹੀਂ ਲਵੇਗੀ ਅਗਨੀਪਥ ਯੋਜਨਾ

ਨਵੀਂ ਦਿੱਲੀ, 20 ਜੂਨ- ‘ਅਗਨੀਪਥ’ ਯੋਜਨਾ ਖ਼ਿਲਾਫ਼ ਦੇਸ਼ ਭਰ ’ਚ ਚੱਲ ਰਹੇ ਰੋਸ ਮੁਜ਼ਾਹਰਿਆਂ ਵਿਚਾਲੇ ਭਾਰਤ ਦੀਆਂ ਤਿੰਨੋਂ ਸੈਨਾਵਾਂ ਨੇ ਇਹ ਯੋਜਨਾ ਵਾਪਸ ਲੈਣ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ। ਤਿੰਨਾਂ ਸੈਨਾਵਾਂ ਨੇ ਇਸ ਯੋਜਨਾ ਤਹਿਤ ਭਰਤੀ ਲਈ ਵਿਸਥਾਰਤ ਸ਼ਡਿਊਲ ਪੇਸ਼ ਕਰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹਥਿਆਰਬੰਦ ਦਸਤਿਆਂ ਦੇ ਉਮਰ ਸਬੰਧੀ ਪ੍ਰੋਫਾਈਲ ਨੂੰ ਘਟਾਉਣ ਲਈ ਇਹ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਯੋਜਨਾ ਖ਼ਿਲਾਫ਼ ਮੁਜ਼ਾਹਰਿਆਂ ਦੌਰਾਨ ਹਿੰਸਾ ਤੇ ਅੱਗਜ਼ਨੀ ’ਚ ਸ਼ਾਮਲ ਨੌਜਵਾਨ ਫੌਜ ’ਚ ਭਰਤੀ ਨਹੀਂ ਕੀਤੇ ਜਾਣਗੇ। ਲੈਫਟੀਨੈਂਟ ਜਨਰਲ ਪੁਰੀ ਨੇ ਕਿਹਾ ਕਿ ਹਥਿਆਰਬੰਦ ਬਲਾਂ ਦੀਆਂ ਤਿੰਨੋਂ ਸੇਵਾਵਾਂ ਦੇ ਉਮਰ ਸਬੰਧੀ ਪ੍ਰੋਫਾਈਲ ਨੂੰ ਘਟਾਉਣ ਦਾ ਵਿਸ਼ਾ ਲੰਮੇ ਸਮੇਂ ਤੋਂ ਵਿਚਾਰ ਅਧੀਨ ਸੀ ਅਤੇ ਦੁਨੀਆ ਦੇ ਕਈ ਮੁਲਕਾਂ ਦੀ ਫੌਜ ਤੇ ਭਰਤੀ ਪ੍ਰਕਿਰਿਆ ਦੇ ਅਧਿਐਨ ਮਗਰੋਂ ਇਹ ਭਰਤੀ ਯੋਜਨਾ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ 1999 ’ਚ ਬਣੀ ਕਾਰਗਿਲ ਸਮੀਖਿਆ ਕਮੇਟੀ ਨੇ ਵੀ ਇਸ ਬਾਰੇ ਸੁਝਾਅ ਦਿੱਤੇ ਸੀ। ਚਾਰ ਸਾਲ ਦੀ ਮਿਆਦ ਪੂਰੀ ਹੋਣ ਮਗਰੋਂ 75 ਫੀਸਦ ਅਗਨੀਵੀਰਾਂ ਨੂੰ ਕੱਢਣ ਦੀ ਮੱਦ ਬਾਰੇ ਲੈਫਟੀਨੈਂਟ ਜਨਰਲ ਪੁਰੀ ਨੇ ਕਿਹਾ ਕਿ ਤਿੰਨੋਂ ਸੈਨਾਵਾਂ ’ਚੋਂ ਤਕਰੀਬਨ 17,600 ਜਵਾਨ ਹਰ ਸਾਲ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਰ ਅਗਨੀਪਥ ਯੋਜਨਾ ਤਹਿਤ ਕੱਢੇ ਜਾਣ ਵਾਲਿਆਂ ਦੀ ਗਿਣਤੀ ਇੰਨੀ ਨਹੀਂ ਹੋਵੇਗੀ। ਇਸ ਯੋਜਨਾ ਤਹਿਤ ਅਗਨੀਵੀਰਾਂ ਦੀ ਭਰਤੀ ਦੀ ਯੋਜਨਾ ਬਾਰੇ ਥਲ ਸੈਨਾ ਦੇ ਲੈਫਟੀਨੈਂਟ ਜਨਰਲ ਬੰਸੀ ਪੋਨੱਪਾ ਨੇ ਕਿਹਾ ਕਿ ਸੈਨਾ ਇਸ ਸਬੰਧੀ ਖਰੜਾ ਨੋਟੀਫਿਕੇਸ਼ਨ ਭਲਕੇ ਜਾਰੀ ਕਰੇਗੀ ਅਤੇ ਬਾਅਦ ਦੇ ਨੋਟੀਫਿਕੇਸ਼ਨ 1 ਜੁਲਾਈ ਤੋਂ ਸੈਨਾ ਦੀਆਂ ਵੱਖ ਵੱਖ ਭਰਤੀ ਇਕਾਈਆਂ ਜਾਰੀ ਕਰਨਗੀਆਂ। ਉਨ੍ਹਾਂ ਕਿਹਾ ਕਿ ਅਗਨੀਪਥ ਯੋਜਨਾ ਤਹਿਤ ਭਰਤੀ ਰੈਲੀਆਂ ਅਗਸਤ, ਸਤੰਬਰ ਤੇ ਅਕਤੂਬਰ ’ਚ ਪੂਰੇ ਦੇਸ਼ ’ਚ ਹੋਣਗੀਆਂ। ਉਨ੍ਹਾਂ ਕਿਹਾ ਕਿ 25 ਹਜ਼ਾਰ ਕਰਮੀਆਂ ਦਾ ਪਹਿਲਾ ਬੈਚ ਦਸੰਬਰ ਦੇ ਪਹਿਲੇ ਤੇ ਦੂਜੇ ਹਫ਼ਤੇ ਸਿਖਲਾਈ ਪ੍ਰੋਗਰਾਮ ਨਾਲ ਜੁੜੇਗਾ ਅਤੇ ਦੂਜਾ ਬੈਚ 23 ਫਰਵਰੀ ਦੇ ਨੇੜੇ ਤੇੜੇ ਸਿਖਲਾਈ ’ਚ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਕਿ ਤਕਰੀਬਨ 40 ਹਜ਼ਾਰ ਕਰਮੀਆਂ ਦੀ ਚੋਣ ਲਈ ਦੇਸ਼ ਭਰ ’ਚ ਕੁੱਲ 83 ਭਰਤੀ ਰੈਲੀਆਂ ਕੀਤੀਆਂ ਜਾਣਗੀਆਂ। ਹਵਾਈ ਸੈਨਾ ’ਚ ਭਰਤੀ ਬਾਰੇ ਏਅਰ ਮਾਰਸ਼ਲ ਐਸ ਕੇ ਝਾਅ ਨੇ ਕਿਹਾ ਕਿ ਰਜਿਸਟਰੇਸ਼ਨ 24 ਜੂਨ ਨੂੰ ਸ਼ੁਰੂ ਹੋਵੇਗੀ ਅਤੇ ਭਰਤੀ ਦੇ ਪਹਿਲੇ ਗੇੜ ਲਈ 24 ਜੁਲਾਈ ਨੂੰ ਆਨਲਾਈਨ ਪ੍ਰੀਖਿਆ ਹੋਵੇਗੀ। ਉਨ੍ਹਾਂ ਕਿਹਾ, ‘ਅਸੀਂ ਰੰਗਰੂਟਾਂ ਦੇ ਪਹਿਲੇ ਬੈਚ ਦੀ ਸਿਖਲਾਈ 30 ਦਸੰਬਰ ਤੱਕ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਾਂ।’ ਜਨ ਸੈਨਾ ਦੀ ਯੋਜਨਾ ਦੇ ਵੇਰਵੇ ਦਿੰਦਿਆਂ ਵਾਈਸ ਐਡਮਿਰਲ ਦਿਨੇਸ਼ ਤ੍ਰਿਪਾਠੀ ਨੇ ਕਿਹਾ ਕਿ ਜਲ ਸੈਨਾ ਹੈੱਡਕੁਆਰਟਰ 25 ਜੂਨ ਨੂੰ ਭਰਤੀ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰੇਗਾ। ਉਨ੍ਹਾਂ ਕਿਹਾ ਕਿ ਪਹਿਲਾ ਬੈਚ 21 ਨਵੰਬਰ ਤੱਕ ਸਿਖਲਾਈ ਪ੍ਰੋਗਰਾਮ ਸ਼ੁਰੂ ਕਰੇਗਾ। ਉਨ੍ਹਾਂ ਦੱਸਿਆ ਕਿ ਜਲ ਸੈਨਾ ਇਸ ਯੋਜਨਾ ਤਹਿਤ ਪੁਰਸ਼ ਤੇ ਮਹਿਲਾਵਾਂ ਦੋਵਾਂ ਦੀ ਭਰਤੀ ਕਰ ਰਹੀ ਹੈ।

You must be logged in to post a comment Login