ਬਰਗਾੜੀ ਕਾਂਡ ਬਾਰੇ ਕੀ ਬੋਲੇ ਕੈਪਟਨ ਅਮਰਿੰਦਰ ਸਿੰਘ

ਬਰਗਾੜੀ ਕਾਂਡ ਬਾਰੇ ਕੀ ਬੋਲੇ ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਕਾਂਡ ਬਾਰੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਇਸ ਮਾਮਲੇ ‘ਤੇ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਟੀਮ ‘ਚ ਸਪੈਸ਼ਲ ਅਫਸਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਕਿਹਾ ਸੀ ਕਿ ਸਰਕਾਰ ਦੇ ਆਉਂਦਿਆਂ ਹੀ ਉਹ ਇਸ ਮਾਮਲੇ ਬਾਰੇ ਸਖਤ ਕਾਰਵਾਈ ਕਰਨਗੇ ਅਤੇ ਹੁਣ ਉਹ ਸਮਾਂ ਆ ਗਿਆ ਹੈ। ਉਨ੍ਹਾਂ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਸਿਰਫ ਅਕਾਲੀ ਦਲ ਨੂੰ ਛੱਡ ਕੇ ਸਭ ਐੱਸ. ਆਈ. ਟੀ. ਬਣਾਉਣ ਦੇ ਪੱਖ ‘ਚ ਸਨ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਦਾ ਕੰਮ ਸਿਰਫ ਤੱਥ ਲੱਭਣਾ ਸੀ, ਜੋ ਕਿ ਉਨ੍ਹਾਂ ਨੇ ਬਾਖੂਬੀ ਕੀਤਾ ਹੈ। ਕੈਪਟਨ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅੱਜ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਪਹਿਲਾਂ ਵਿਚਾਰ ਸੀ ਕਿ ਸੀ. ਬੀ. ਆਈ. ਨੂੰ ਇਹ ਜਾਂਚ ਦਿੱਤੀ ਜਾਵੇ ਪਰ ਫਿਰ ਵਿਧਾਨ ਸਭਾ ‘ਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਸੀ ਕਿ ਐੱਸ. ਆਈ. ਟੀ. ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਮੇਰਾ ਕੰਮ ਸਿਰਫ ਐੱਸ. ਆਈ. ਟੀ. ਬਣਾਉਣਾ ਹੈ ਪਰ ਉਸ ਤੋਂ ਬਾਅਦ ਉਹ ਨਿਰਪੱਖ ਏਜੰਸੀ ਹੈ ਅਤੇ ਅਸੀਂ ਉਸ ‘ਚ ਕੋਈ ਦਖਲ ਨਹੀਂ ਕਰ ਸਕਦੇ।
ਮੇਰੀ ਹਮਦਰਦੀ ਕਿਸਾਨਾਂ ਨਾਲ : ਕੈਪਟਨ
ਪਰਾਲੀ ਸਾੜਨ ਦੇ ਮਾਮਲੇ ‘ਤੇ ਬੋਲਦਿਆਂ ਕੈਪਟਨ ਨੇ ਕਿਹਾ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਜ਼ਿਆਦਾ ਧੂੰਆਂ ਦੇਖਣ ਨੂੰ ਨਹੀਂ ਮਿਲਿਆ ਕਿਉਂਕਿ ਅਜੇ ਝੋਨੇ ਦੀ ਵਾਢੀ ਹੋ ਰਹੀ ਹੈ ਪਰ ਇਸ ਨੂੰ ਲੈ ਕੇ ਸਰਕਾਰ ਚਿੰਤਤ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨਾ ਸਾੜਨਾ ‘ਨੈਸ਼ਨਲ ਪਾਲਿਊਸ਼ਨ ਕੰਟਰੋਲ ਬੋਰਡ’ ਦਾ ਨਿਯਮ ਹੈ ਅਤੇ ਮੇਰੀ ਹਮਦਰਦੀ ਕਿਸਾਨਾਂ ਦੇ ਨਾਲ ਹੈ।
ਅਧਿਆਪਕਾਂ ਨਾਲ ਲਗਾਤਾਰ ਹੋ ਰਹੀ ਗੱਲਬਾਤ
ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ‘ਤੇ ਬੈਠੇ ਅਧਿਆਪਕਾਂ ਬਾਰੇ ਕੈਪਟਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਧਿਆਪਕਾਂ ਨੂੰ ਦੇਣ ਵਾਲੀ ਤਨਖਾਹ 15300 ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਧਰਨੇ ‘ਤੇ ਬੈਠੇ ਹੋਏ ਅਧਿਆਪਕਾਂ ਨਾਲ ਸਰਕਾਰ ਲਗਾਤਾਰ ਗੱਲਬਾਤ ਕਰ ਰਹੀ ਹੈ।

You must be logged in to post a comment Login