ਪੰਜਾਬੀ ਬੋਲੀ ਲਹਿਰ ‘ਚ ਯੋਗਦਾਨ ਪਾਉਣ ਵਾਲੇ ਲੋਕਾਂ ਦਾ ਹੋਵੇਗਾ ਸਨਮਾਨ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਾਰਾਗੜ੍ਹੀ ਦੇ ਸ਼ਹੀਦਾਂ ਦੀ ਸ਼ਹਾਦਤ ਦੇ 125ਵੇਂ ਅਤੇ 1947 ਵੰਡ ਵੇਲੇ ਹੋਏ ਕਤਲੇਆਮ ਦੇ 75ਵੇਂ ਵਰ੍ਹੇ ਨੂੰ ਸਮਰਪਿਤ ਸ਼ਰਧਾਜਲੀ ਸਮਾਗਮ ਬਰਤਾਨੀਆ ਦੇ ਪਾਰਲੀਮੈਂਟ ਵਿੱਚ ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਵੱਲੋਂ 12 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇੱਕ ਵਿਸ਼ੇਸ਼ ਮੁਹਿੰਮ ਆਰੰਭਣ ਉਪਰੰਤ ਵੱਖ ਵੱਖ ਉਤਸ਼ਾਹੀ ਸੰਸਥਾਵਾਂ ਤੇ ਲੋਕਾਂ ਵੱਲੋਂ ਮਿਲੇ ਸਹਿਯੋਗ ਨਾਲ ਹੋਣ ਜਾ ਰਹੇ ਇਸ ਸ਼ਰਧਾਂਜਲੀ ਸਮਾਗਮ ਸੰਬੰਧੀ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਰਤਾਨਵੀ ਪਾਰਲੀਮੈਂਟ ਵਿੱਚ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਉਹਨਾਂ ਦੀ ਸ਼ਹਾਦਤ ਸਮੇਂ ਹੀ ਯਾਦ ਕੀਤਾ ਗਿਆ ਸੀ ਪਰ ਬਾਅਦ ਵਿੱਚ ਵਿਸਾਰ ਦਿੱਤਾ ਗਿਆ। ਇਸੇ ਤਰ੍ਹਾਂ ਦਾ ਪੱਖਪਾਤੀ ਰਵੱਈਆ ਹੀ 1947 ਦੀ ਭਾਰਤ ਪਾਕਿਸਤਾਨ ਵੰਡ ਦੌਰਾਨ ਹੋਏ ਕਤਲੇਆਮ ‘ਚ ਮਾਰੇ ਗਏ ਲੋਕਾਂ ਨੂੰ ਯਾਦ ਕਰਨ ਦੇ ਮਾਮਲੇ ਵਿੱਚ ਹੋਇਆ ਹੈ। ਬਰਤਾਨੀਆ ਵਿੱਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਇਸ ਤਰ੍ਹਾਂ ਦਾ ਸ਼ਰਧਾਂਜਲੀ ਸਮਾਗਮ ਲੋਕਾਂ ਵੱਲੋਂ ਖੁਦ ਉਲੀਕ ਕੇ ਬਰਤਾਨਵੀ ਪਾਰਲੀਮੈਂਟ ਵਿੱਚ ਕਰਵਾਇਆ ਜਾ ਰਿਹਾ ਹੋਵੇ। ਉਹਨਾਂ ਕਿਹਾ ਕਿ ਇਸ ਦਿਨ ਪੰਜਾਬੀ ਬੋਲੀ ਲਹਿਰ ਵਿੱਚ ਮਾਣਮੱਤਾ ਯੋਗਦਾਨ ਪਾਉਣ ਵਾਲੇ ਉੱਦਮੀ ਲੋਕਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
You must be logged in to post a comment Login