ਬਰਤਾਨੀਆ ਨੇ ਭਾਰਤੀ ਫ਼ੌਜੀਆਂ ਦੇ ਚਿੱਤਰ ਦੀ ਬਰਾਮਦ ’ਤੇ ਪਾਬੰਦੀ ਲਗਾਈ

ਬਰਤਾਨੀਆ ਨੇ ਭਾਰਤੀ ਫ਼ੌਜੀਆਂ ਦੇ ਚਿੱਤਰ ਦੀ ਬਰਾਮਦ ’ਤੇ ਪਾਬੰਦੀ ਲਗਾਈ

ਬਰਤਾਨਵੀ ਸਰਕਾਰ ਨੇ ਪਹਿਲੇ ਵਿਸ਼ਵ ਯੁੱਧ ਵਿਚ ਹਿੱਸਾ ਲੈਣ ਵਾਲੇ ਦੋ ਭਾਰਤੀ ਸਿੱਖ ਫ਼ੌਜੀਆਂ ਦੇ ਐਂਗਲੋ-ਹੰਗਰੀ ਚਿੱਤਰਕਾਰ ਫਿਲਿਪ ਡੀ ਲਾਜ਼ਲੋ ਵੱਲੋਂ ਬਣਾਏ ਚਿੱਤਰ ’ਤੇ ਅਸਥਾਈ ਤੌਰ ‘ਤੇ ਨਿਰਯਾਤ ਪਾਬੰਦੀ ਲਗਾ ਦਿੱਤੀ ਹੈ ਤਾਂ ਜੋ ਇਸ ਨੂੰ ਦੇਸ਼ ਤੋਂ ਬਾਹਰ ਨਾ ਲਿਜਾਇਆ ਜਾ ਸਕੇ। ਸਰਕਾਰ ਨੇ ਇਹ ਪਾਬੰਦੀ ਦੇਸ਼ ਦੀ ਸੰਸਥਾ ਨੂੰ ਇਸ ਸ਼ਾਨਦਾਰ ਅਤੇ ਸੰਵੇਦਨਸ਼ੀਲ ਪੇਂਟਿੰਗ ਨੂੰ ਖਰੀਦਣ ਲਈ ਸਮਾਂ ਦੇਣ ਲਈ ਲਗਾਈ ਹੈ। ਕਰੀਬ 6.5 ਕਰੋੜ ਰੁਪਏ ਦੀ ਇਸ ਪੇਂਟਿੰਗ ਵਿੱਚ ਘੋੜਸਵਾਰ ਅਫਸਰ ਰਿਸਾਲਦਾਰ ਜਗਤ ਸਿੰਘ ਅਤੇ ਰਿਸਾਲਦਾਰ ਮਾਨ ਸਿੰਘ, ਬ੍ਰਿਟਿਸ਼-ਭਾਰਤੀ ਫੌਜ ਦੀ ਫੋਰਸ ਦੇ ਜੂਨੀਅਰ ਕਮਾਂਡਰ, ਜਿਨ੍ਹਾਂ ਨੇ ਫਰਾਂਸ ਵਿੱਚ ਸੋਮੇ ਦੀ ਲੜਾਈ ਵਿੱਚ ਸੇਵਾ ਕੀਤੀ ਸੀ, ਨੂੰ ਦਰਸਾਇਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਦੋਵਾਂ ਨੇ ਯੁੱਧ ਦੌਰਾਨ ਹੀ ਸ਼ਹੀਦੀ ਪ੍ਰਾਪਤ ਕੀਤੀ ਸੀ। ਇਹ ਤਸਵੀਰ ਕਾਫੀ ਦੁਰਲੱਭ ਹੈ, ਜੋ ਪਹਿਲੇ ਵਿਸ਼ਵ ਯੁੱਧ ਵਿੱਚ ਭਾਰਤੀਆਂ ਦੀ ਸਰਗਰਮ ਭਾਗੀਦਾਰੀ ਨੂੰ ਦਰਸਾਉਂਦੀ ਹੈ। ਬਰਤਾਨੀਆ ਦੇ ਕਲਾ ਅਤੇ ਵਿਰਾਸਤ ਮੰਤਰੀ ਲਾਰਡ ਸਟੀਫਨ ਪਾਰਕਿੰਸਨ ਨੇ ਕਿਹਾ,‘ਇਹ ਸ਼ਾਨਦਾਰ ਅਤੇ ਸੰਵੇਦਨਸ਼ੀਲ ਪੇਂਟਿੰਗ ਸਾਡੇ ਇਤਿਹਾਸ ਦੇ ਮਹੱਤਵਪੂਰਨ ਪਲ ਨੂੰ ਦਰਸਾਉਂਦੀ ਹੈ, ਜਦੋਂ ਪਹਿਲੇ ਵਿਸ਼ਵ ਯੁੱਧ ਨਾਲ ਲੜਨ ਵਿੱਚ ਮਦਦ ਲਈ ਦੁਨੀਆ ਭਰ ਤੋਂ ਫੌਜਾਂ ਨੂੰ ਲਿਆਂਦਾ ਗਿਆ ਸੀ।’ ਪਹਿਲੇ ਵਿਸ਼ਵ ਯੁੱਧ ਦੌਰਾਨ 15 ਲੱਖ ਭਾਰਤੀ ਫ਼ੌਜੀ ਤਾਇਨਾਤ ਕੀਤੇ ਗਏ ਸਨ ਅਤੇ ਰਿਕਾਰਡ ਅਨੁਸਾਰ ਤਸਵੀਰ ਵਿਚਲੇ ਦੋ ਸੈਨਿਕ ਫਰਾਂਸ ਵਿਚ ਲੜਨ ਲਈ ਭੇਜੇ ਜਾਣ ਤੋਂ ਦੋ ਮਹੀਨੇ ਪਹਿਲਾਂ ਲੰਡਨ ਵਿਚ ਫਿਲਿਪ ਡੀ ਲਾਜ਼ਲੋ ਦੇ ਸਾਹਮਣੇ ਬੈਠੇ ਸਨ ਤਾਂ ਜੋ ਉਹ ਉਨ੍ਹਾਂ ਦੀਆਂ ਤਸਵੀਰਾਂ ਪੇਂਟ ਕਰ ਸਕੇ। ਮੰਨਿਆ ਜਾਂਦਾ ਹੈ ਕਿ ਡੀ ਲਾਜ਼ਲੋ ਨੇ ਇਹ ਪੇਂਟਿੰਗ ਆਪਣੇ ਸੰਗ੍ਰਹਿ ਲਈ ਬਣਾਈ ਸੀ ਅਤੇ ਇਸ ਨੂੰ 1937 ਵਿੱਚ ਉਸਦੀ ਮੌਤ ਤੱਕ ਉਸਦੇ ਸਟੂਡੀਓ ਵਿੱਚ ਰੱਖਿਆ ਗਿਆ ਸੀ। ਬ੍ਰਿਟੇਨ ਸਰਕਾਰ ਨੇ ਇਕ ਕਮੇਟੀ ਦੀ ਸਲਾਹ ‘ਤੇ ਇਸ ਤਸਵੀਰ ਦੇ ਨਿਰਯਾਤ ‘ਤੇ ਪਾਬੰਦੀ ਲਗਾ ਦਿੱਤੀ ਹੈ।

You must be logged in to post a comment Login